ਚੰਡੀਗੜ 3 ਨਵੰਬਰ(ਸਾਰਾ ਯਹਾ / ਮੁੱਖ ਸੰਪਾਦਕ) : ਪੰਜਾਬ ਵਿਜੀਲੈਂਸ ਬਿਊਰੋ ਨੇ ਪਿੰਡ ਸੂੰਕ, ਤਹਿਸੀਲ ਮਾਜਰੀ, ਜਿਲਾ ਐਸ.ਏ.ਐਸ. ਨਗਰ ਵਿਖੇ ਸ਼ਮਲਾਤ ਜਮੀਨ ਦੇ ਹਿੱਸਿਆਂ ਦੀ ਵੰਡ ਸਬੰਧੀ ਘਪਲੇਬਾਜੀ ਕਰਨ ਦੇ ਦੋਸ਼ਾਂ ਹੇਠ 8 ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਇੱਕ ਨਾਇਬ ਤਹਿਸੀਲਦਾਰ, ਪਟਵਾਰੀ ਤੇ ਪ੍ਰੋਪਰਟੀ ਡੀਲਰ ਸ਼ਾਮ ਲਾਲ ਗੁੱਜਰ ਅਤੇ ਗੁਰਨਾਮ ਸਿੰਘ ਨੰਬਰਦਾਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਇੰਨਾਂ ਗਿ੍ਰਫਤਾਰ ਦੋਸ਼ੀਆਂ ਨੂੰ ਅੱਜ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਦੋਸ਼ੀਆਂ ਦਾ 7 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਅਤੇ ਦੋਸ਼ੀਆਂ ਦੀ ਗਿ੍ਰਫਤਾਰੀ ਐਫ.ਆਈ.ਆਰ. ਨੰਬਰ 13 ਮਿਤੀ 02-11-2020 ਅ/ਧ 409, 420, 465, 466, 467, 471, 120-ਬੀ ਆਈ.ਪੀ.ਸੀ. ਅਤੇ 7, 7 (ਏ) ਭਿ੍ਰਸ਼ਟਾਚਾਰ ਰੋਕੂ ਕਾਨੂੰਨ ਹੇਠ ਵਿਜੀਲੈਂਸ ਇੰਨਕੁਆਰੀ ਦੀ ਪੜਤਾਲ ਉਪਰੰਤ ਕੀਤੀ ਗਈ ਹੈ। ਹੋਰ ਵੇਰਵੇ ਦਿੰਦਿਆਂ ਉਂਨਾਂ ਦੱਸਿਆ ਕਿ ਉਕਤ ਕੇਸ ਦੀ ਪੜਤਾਲ ਦੌਰਾਨ ਦਸਤਾਵੇਜਾਂ ਤੋਂ ਪਾਇਆ ਗਿਆ ਹੈ ਕਿ ਪਿੰਡ ਸੂੰਕ ਦੀ ਸ਼ਾਮਲਾਤ ਬਾਰੇ ਏ.ਡੀ.ਸੀ. (ਵਿਕਾਸ) ਵੱਲੋਂ ਮਿਤੀ 01-07-2016 ਦੇ ਫੈਸਲੇ ਅਨੁਸਾਰ ਉਸ ਵਕਤ ਦੇ ਨਾਇਬ ਤਹਿਸੀਲਦਾਰ ਮਾਜਰੀ ਵਰਿੰਦਰਪਾਲ ਸਿੰਘ ਧੂਤ, ਕਾਨੂੰਗੋ ਰਘਵੀਰ ਸਿੰਘ ਅਤੇ ਪਟਵਾਰੀ ਇਕਬਾਲ ਸਿੰਘ ਵੱਲੋਂ ਸ਼ਾਮ ਲਾਲ ਪ੍ਰੋਪਰਟੀ ਡੀਲਰ, ਗੁਰਨਾਮ ਸਿੰਘ ਨੰਬਰਦਾਰ ਅਤੇ ਹੋਰ ਪ੍ਰੋਪਰਟੀ ਡੀਲਰਾਂ ਆਦਿ ਨਾਲ ਮਿਲ ਕੇ ਜਮੀਨ ਦੇ ਹਿੱਸਿਆਂ ਦੀ ਵੰਡ ਸਬੰਧੀ ਇੰਤਕਾਲ ਦਰਜ ਕੀਤੇ ਗਏ ਪਰ ਇੰਤਕਾਲ ਕਰਨ ਸਮੇਂ ਇਹਨਾ ਵਿਅਕਤੀਆਂ ਵੱਲੋਂ 1295 ਏਕੜ ਜ਼ਮੀਨ ਦੀ ਵੰਡ ਵਿੱਚੋਂ ਪਿੰਡ ਸੂੰਕ ਦੇ 24 ਹਿੱਸੇਦਾਰ, ਜਿਹਨਾ ਵਿੱਚ ਬਲਜੀਤ ਕੌਰ ਪਤਨੀ ਕਿਸ਼ਨ ਸਿੰਘ, ਨਸੀਬ ਸਿੰਘ ਪੁੱਤਰ ਗੰਗਾ ਸਿੰਘ, ਬੰਤਾ ਸਿੰਘ ਪੁੱਤਰ ਚੰਨਣ ਸਿੰਘ, ਉਜਾਗਰ ਸਿੰਘ ਪੁੱਤਰ ਠਾਕੁਰ ਸਿੰਘ ਆਦਿ ਦੇ ਤਕਰੀਬਨ 117 ਏਕੜ ਜਮੀਨ ਦੇ ਹਿੱਸੇ ਘੱਟ ਕਰ ਦਿੱਤੇ ਗਏ ਜਦਕਿ ਕਈ ਅਜਿਹੇ ਹਿੱਸੇਦਾਰ ਵੀ ਜੋੜ ਦਿੱਤੇ ਜੋ ਇਸ ਪਿੰਡ ਦੇ ਵਸਨੀਕ ਹੀ ਨਹੀਂ ਹਨ ਇਹਨਾਂ ਵਿੱਚ ਰਾਮ ਕਿ੍ਰਸ਼ਨ ਪੁੱਤਰ ਛਿੱਤਰੂ ਰਾਮ, ਕੁਲਵਿੰਦਰ ਸਿੰਘ ਪੁੱਤਰ ਹਜਾਰਾ ਸਿੰਘ ਸ਼ਾਮਲ ਹਨ ਜਿੰਨਾ ਦੇ ਹਿੱਸੇ ਵੱਧ ਪਾਏ ਗਏ ਹਨ। ਇਸ ਤਰਾਂ ਜ਼ਮੀਨ ਦੇ ਹਿੱਸਿਆਂ ਨੂੰ ਵਧਾਉਣ-ਘਟਾਉਣ ਕਰਕੇ 99 ਏਕੜ 4 ਕਨਾਲ 14.32 ਮਰਲੇ ਦਾ ਫਰਕ ਹੋਣਾ ਪਾਇਆ ਗਿਆ ਹੈ ਅਤੇ ਕਈ ਇਹੋ-ਜਿਹੇ ਹਿੱਸੇਦਾਰ ਹਨ, ਜੋ ਇਸ ਪਿੰਡ ਦੇ ਵਸਨੀਕ ਹੀ ਨਹੀਂ ਹਨ ਅਤੇ ਵਿਜੀਲੈਂਸ ਪੜਤਾਲ ਦੌਰਾਨ ਇਹ ਵਿਅਕਤੀ ਟਰੇਸ ਵੀ ਨਹੀਂ ਹੋਏ। ਇਸ ਇੰਤਕਾਲ ਤੋਂ ਬਾਅਦ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ, ਕਾਨੂੰਗੋ ਰਘਵੀਰ ਸਿੰਘ ਅਤੇ ਪਟਵਾਰੀ ਇਕਬਾਲ ਸਿੰਘ ਵੱਲੋਂ ਪ੍ਰੋਪਰਟੀ ਡੀਲਰ ਸ਼ਾਮ ਲਾਲ ਗੁੱਜਰ, ਤਰਸੇਮ ਲਾਲ, ਬਲਬੀਰ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਬੀਰ ਸਿੰਘ, ਕਾਬਲ ਸਿੰਘ ਅਤੇ ਗੁਰਨਾਮ ਸਿੰਘ ਨੰਬਰਦਾਰ ਨਾਲ ਮਿਲ ਕੇ ਇਹ ਜਮੀਨ ਮੁਖਤਿਆਰਨਾਮਿਆਂ ਰਾਹੀਂ ਅੱਗੋਂ ਆਨੰਦ ਖੋਸਲਾ, ਨਿਸ਼ਾਨ ਸਿੰਘ ਆਦਿ ਵਿਅਕਤੀਆਂ ਨੂੰ ਕਰੋੜਾਂ ਰੁਪਏ ਵਿੱਚ ਵੇਚ ਦਿੱਤੀ ਗਈ।ਉਪਰੋਕਤ ਮੁਕੱਦਮੇ ਵਿੱਚ ਦੋਸ਼ੀਆਂ ਵਿੱਚੋਂ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ, ਪਟਵਾਰੀ ਇਕਬਾਲ ਸਿੰਘ, ਪ੍ਰੋਪਰਟੀ ਡੀਲਰ ਸ਼ਾਮ ਲਾਲ ਗੁੱਜਰ ਅਤੇ ਗੁਰਨਾਮ ਸਿੰਘ ਨੰਬਰਦਾਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਤਫਤੀਸ਼ ਜਾਰੀ ਹੈ।