
ਬੁਢਲਾਡਾ – 24 ਮੲੀ – (ਸਾਰਾ ਯਹਾ/ ਅਮਨ ਮਹਿਤਾ ) – ਵਿਦਿਆਰਥੀ ਜਥੇਬੰਦੀ ਐਸ ਐਫ ਆਈ ਅਤੇ ਜਨਵਾਦੀ ਨੌਜਵਾਨ ਸਭਾ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 124 ਵਾਂ ਜਨਮ ਦਿਹਾੜਾ ਨੇੜਲੇ ਪਿੰਡ ਗੁਰਨੇ ਕਲਾਂ ਵਿਖੇ ਮਨਾਇਆ ਗਿਆ । ਨੌਜਵਾਨਾਂ ਨੇ ਸ਼ਹੀਦ ਸਰਾਭਾ ਨੂੰ ਸਰਧਾਂਜਲੀ ਭੇਟ ਕਰਦਿਆਂ ਪੑਣ ਲਿਆ ਕਿ ਉਹ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਫਿਰਕੂ ਇੱਕਸੁਰਤਾ ਮਜਬੂਤ ਕਰਦੇ ਹੋਏ ਸਰਮਾਏਦਾਰੀ ਨਿਜ਼ਾਮ ਅਤੇ ਸਾਮਰਾਜਵਾਦ ਖਿਲਾਫ਼ ਆਰੰਭੀ ਜੱਦੋਜਹਿਦ ਨੂੰ ਹੋਰ ਤੇਜ਼ ਕਰਨਗੇ । ਇਸ ਮੌਕੇ ਐਸ ਐਫ ਆਈ ਦੇ ਸਾਬਕਾ ਸੂਬਾ ਸਕੱਤਰ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸ਼ਹੀਦ ਸਰਾਭਾ , ਭਗਤ ਸਿੰਘ , ਊਧਮ ਸਿੰਘ ,ਚੰਦਰ ਸੇਖਰ ਅਜ਼ਾਦ ਜਿਹੇ ਸ਼ਹੀਦਾਂ ਦੀ ਵਿਚਾਰਧਾਰਾ ਪਹਿਲਾਂ ਨਾਲੋਂ ਵੀ ਵੱਧ ਪ੍ਰਸੰਗਿਕ ਹੈ ਕਿਉਂਕਿ ਇਨਾਂ 100 ਸਾਲਾਂ ਸਮੇਂ ਤੋਂ ਪੂੰਜੀਵਾਦੀ ਲੁਟੇਰੀਆਂ ਜਮਾਤਾਂ ਨੇ ਬੇਕਿਰਕੀ ਨਾਲ ਲੁੱਟ ਖਸੁੱਟ ਕੀਤੀ ਹੈ । ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਨੇ ਪੂੰਜੀਵਾਦੀ ਅਤੇ ਸਾਮਰਾਜੀ ਤਾਕਤਾਂ ਦੇ ਘਿਨੌਣੇ ਚਿਹਰੇ ਨੂੰ ਨੰਗਾ ਕਰਕੇ ਰੱਖ ਦਿੱਤਾ ਹੈ , ਇਨਾਂ ਤਾਕਤਾਂ ਨੇ ਮਾਨਵੀ ਕਦਰਾਂ ਕੀਮਤਾਂ ਅਤੇ ਰਵਾਇਤਾਂ ਦਾ ਘਾਣ ਕਰਕੇ ਸਿਰਫ਼ ਆਪਣੇ ਮੁਨਾਫਿਆਂ ਨੂੰ ਹੀ ਮੁੱਖ ਰੱਖਿਆ ਹੈ , ਹਿੰਦੋਸਤਾਨ ਵਿੱਚ ਲੌਕਡਾਊਨ / ਕਰਫਿਊ ਦੇ ਦੌਰਾਨ ਮਜਦੂਰਾਂ ਦੇ ਖਾਣ ਪੀਣ , ਰਹਿਣ ਸਹਿਣ , ਇਲਾਜ ਆਦਿ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਨਾ ਹੀ ਇਨਾਂ ਮਜਦੂਰਾਂ ਨੂੰ ਆਪੋ ਆਪਣੇ ਘਰੋਂ ਘਰੀ ਪਹੁੰਚਾਉਣ ਦਾ ਪ੍ਰਬੰਧ ਕੀਤਾ ਹੈ ਉਲਟਾ ਲੁੱਟ ਕੀਤੀ ਹੈ ਅਤੇ ਡਾਗਾਂ ਨਾਲ ਕੁੱਟਿਆ ਹੈ , ਮਜਦੂਰ ਘਰਾਂ ਵਿੱਚ ਭੁੱਖਣ – ਭਾਣੇ ਬੰਦ ਕਰੀ ਰੱਖੇ ਸਨ । ਮਜਦੂਰਾਂ, ਕਿਸਾਨਾਂ ,ਮੁਲਾਜਮਾਂ, ਨੌਜਵਾਨਾਂ ਆਦਿ ਲਈ ਕੋਈ ਰਾਹਤ ਪੈਕੇਜ ਨਹੀਂ ਦਿੱਤਾ ਇਸ ਦੇ ਉਲਟ ੲਿਸ ਅਰਸੇ ਦਰਮਿਆਨ ਅੰਬਾਨੀ- ਅਡਾਨੀ ਵਰਗੇ ਵੱਡੇ ਘਰਾਣਿਆਂ ਨੂੰ ਕਰੋੜਾਂ – ਅਰਬਾਂ ਦੀਆਂ ਰਿਆਇਤਾਂ ਦਿੱਤੀਆਂ ਹਨ ਅਤੇ ਕਰਜ਼ੇ ਮੁਆਫ਼ ਕੀਤੇ ਹਨ । ਸਾਥੀ ਦਲਿਓ ਨੇ ਕਿਹਾ ਕਿ ਆਉਣ ਵਾਲੇ ਸਮਿਆਂ ਵਿੱਚ ਦੁਨੀਆਂ ਅਤੇ ਦੇਸ਼ ਪੱਧਰ ‘ਤੇ ਵੱਡੇ ਪੈਮਾਨੇ ‘ਤੇ ਸਮੀਕਰਨ ਬਦਲਣਗੇ ਅਤੇ ਦੇਸ਼ – ਦੁਨੀਆਂ ਦੇ ਮਿਹਨਤਕਸ਼ ਆਵਾਮ ਦੀ ਲਹਿਰ ਮਜਬੂਤੀ ਨਾਲ ਅੱਗੇ ਵਧੇਗੀ। ਇਸ ਮੌਕੇ ਜਨਵਾਦੀ ਨੌਜਵਾਨ ਸਭਾ ਦੇ ਜਿਲਾ ਸਕੱਤਰ ਬਿੰਦਰ ਸਿੰਘ ਅਹਿਮਦਪੁਰ ਨੇ ਸ਼ਹੀਦ ਸਰਾਭਾ ਦੇ ਅਜ਼ਾਦੀ ਸੰਗਰਾਮ ਵਿੱਚ ਯੋਗਦਾਨ ਦਾ ਜਿੱਕਰ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਸੱਦਾ ਦਿੱਤਾ ਕਿ ਉਸਾਰੂ ਅਤੇ ਕਿਰਤੀਆਂ ਪੱਖੀ ਸਾਹਿਤ ਅਤੇ ਸ਼ਖਸ਼ੀਅਤਾਂ ਦੀਆਂ ਲਿਖਤਾਂ ਦਾ ਅਧਿਐਨ ਕਰਨ। ਇਸ ਮੌਕੇ ‘ਤੇ ਐਫ ਆਈ ਦੇ ਆਗੂ ਹਰਦੀਪ ਸਿੰਘ ਅਹਿਮਦਪੁਰ , ਰਾਜਿੰਦਰ ਸਿੰਘ ਗੁਰਨੇ , ਬਲਕਾਰ ਸਿੰਘ ,ਕਾਮਰੇਡ ਹਮੀਰ ਸਿੰਘ, ਜਗਤਾਰ ਸਿੰਘ , ਰਾਜ ਕੁਮਾਰ ਗੁਰਨੇ ,ਬੂਟਾ ਸਿੰਘ ,ਹਰਜੀਤ ਸਿੰਘ ,ਗਗਨਦੀਪ ਸਿੰਘ , ਗੁਰਵਿੰਦਰ ਸਿੰਘ , ਅਵਤਾਰ ਸਿੰਘ ਆਦਿ ਮੌਜੂਦ ਸਨ।
