
ਮਾਨਸਾ, 08 ਜਨਵਰੀ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਸ਼ਕਤੀਆਂ ਦਾ ਕੇਂਦਰੀਕਰਨ ,ਕੇਂਦਰ ਅਤੇ ਰਾਜਾਂ ਦੇ ਸੁਖਾਵੇਂ ਸਬੰਧਾਂ ਲਈ ਗੰਭੀਰ ਖਤਰਾ ਬਣ ਸਕਦਾ ਹੈ। ਇਸ ਸਾਰੇ ਵਰਤਾਰੇ ਨੂੰ ਰੋਕਣ ਲਈ ਲੋਕਾਂ ਨੂੰ ਸੁਹਿਰਦ, ਜਾਗਰੂਕ ਅਤੇ ਨਵੇਂ ਬਿਰਤਾਂਤਣ ਸਿਰਜਣ ਦੀ ਬੇਹੱਦ ਜਰੂਰਤ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਅਤੇ ਪ੍ਰਸਿੱਧ ਪੱਤਰਕਾਰ ਹਮੀਰ ਸਿੰਘ ਨੇ ਕੀਤਾ। ਉਹ ਅੱਜ ਇੱਥੇ ਪੈਨਸ਼ਨਰਜ ਭਵਨ ਮਾਨਸਾ ਵਿਖੇ ਸੇਵਾਮੁਕਤ ਮੁਲਾਜ਼ਮਾਂ ਦੀ ਮਹੀਨਾਵਾਰ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਉਨ੍ਹਾਂ ਅੱਗੇ ਕਿਹਾ ਕਿ ਅੱਜ ਸਮੁੱਚੇ ਸੰਸਾਰ ਅਤੇ ਭਾਰਤ ਦੀ ਸਮਾਜਕ-ਆਰਥਿਕ ,ਰਾਜਨੀਤਕ, ਅਤੇ ਸੱਭਿਆਚਾਰਕ ਸਥਿਤੀ ਬੁਰੀ ਤਰਾਂ ਲੜਖੜਾ ਰਹੀ ਹੈ। ਸ਼ਕਤੀਆਂ ਦੇ ਕੀਤੇ ਜਾ ਰਹੇ ਕੇਂਦਰੀਕਰਨ ਕਰਕੇ, ਕੇਂਦਰ ਸਰਕਾਰ, ਰਾਜਾਂ ਦੇ ਅਧਿਕਾਰ ਖੇਤਰ ਵਾਲੇ ਮਸਲਿਆਂ ਨੂੰ ਗੈਰ-ਕਨੂੰਨੀ ਢੰਗ ਨਾਲ ਆਪਣੇ ਅਧਿਕਾਰ ਖੇਤਰ ਵਿਚ ਲਿਆਉਣ ਲਈ ਵਿੰਗੇ-ਟੇਢੇ ਢੰਗ ਤਰੀਕੇ ਅਪਣਾ ਰਹੀ ਹੈ। ਜਿਸ ਦੀ ਜਿਉਂਦੀ ਜਾਗਦੀ ਮਿਸਾਲ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨ, ਬੀ. ਬੀ. ਐਮ, ਰਾਸ਼ਟਰੀ ਸਿੱਖਿਆ ਨੀਤੀ ਤੋਂ ਇਲਾਵਾ ਇੱਕ ਰਾਸ਼ਟਰ ਅਤੇ ਇਕ ਕਾਨੂੰਨ ਅਤੇ ਇੱਕ ਕੋਡ ਆਦਿ ਲਾਗੂ ਕਰਨ ਵਲ ਕੀਤੇ ਜਾ ਰਹੇ ਯਤਨ ਹਨ। ਉਨ੍ਹਾਂ ਅੱਗੇ ਕਿਹਾ ਕਿ ਮਸ਼ੀਨੀਕਰਨ ਦੀ ਬਹੁਤਾਤ ਕਾਰਨ ਅਤੇ ਤਕਨਾਲੋਜੀ ਦੇ ਯੁੱਗ ਕਰਕੇ ਹਰ ਰੋਜ਼ ਈਜ਼ਾਦ ਹੋ ਰਹੀਆਂ ਆਧੁਨਿਕ ਤਕਨੀਕਾਂ ਸਿੱਖਿਅਤ ਅਤੇ ਅਸਿੱਖਿਅਤ ਦੋਵੇਂ ਤਰ੍ਹਾਂ ਦੇ ਲੋਕਾਂ ਦਾ ਰੋਜ਼ਗਾਰ ਵੱਡੇ ਪੱਧਰ ਤੇ ਖੁਸਦਾ ਜਾ ਰਿਹਾ ਹੈ।ਉਨਾ ਹੈਰਾਨੀਜਨਕ ਅੰਕੜਿਆਂ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਪਿਛਲੇ ਸਮੇਂ ਵਿੱਚ ਐਮਾਜੋਨ ਕੰਪਨੀ ਵਿਚੋਂ ਹੀ ਲੱਖ ਕਾਮਿਆਂ ਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਭਾਰਤ ਵਿਚ ਜਨਤਕ ਵੰਡ ਪ੍ਰਣਾਲੀ ਰਾਹੀਂ ਲਗਪਗ 81ਕਰੋੜ ਲੋਕਾਂ ਨੂੰ ਅਨਾਜ ਵੰਡਿਆ ਜਾ ਰਿਹਾ ਹੈ ਜਿਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਆਜ਼ਾਦੀ ਦੇ 75 ਵਰ੍ਹੇ ਬੀਤਣ ਦੇ ਬਾਵਜੂਦ ਵੀ ਸਮੇਂ-ਸਮੇਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਨੂੰ ਸਵੈ-ਨਿਰਭਰ ਨਹੀਂ ਕਰ ਸਕੀਆਂ। ਭਾਰਤ ਅਤੇ ਵਿਸ਼ੇਸ਼ ਕਰਕੇ ਪੰਜਾਬ ਦਾ 27000 ਕਰੋੜ ਰੁਪਿ ਫੀਸਾਂ ਦੇ ਰੂਪ ਵਿਚ ਵਿਦੇਸ਼ਾਂ ਵਿਚ ਜਾ ਰਿਹਾ ਹੈ ਅਤੇ ਵਿਦਿਆਰਥੀ ਪੜਾਈ ਦੇ ਨਾਮ ਤੇ ਵਿਦੇਸ਼ਾਂ ਵਿਚ ਦਿਹਾੜੀਆਂ ਕਰ ਰਹੇ ਹਨ । ਇਹੀ ਕਾਰਨ ਸੀ ਕਿ ਅਮਰੀਕਾ ਦੇ ਪ੍ਰਧਾਨ ਮੰਤਰੀ ਨੇ ਨਿਯਮਿਤ ਪੜਾਈ ਨਾ ਕਰਨ ਵਾਲੇ ਵਿਦਿਆਰਥੀਆਂ ਦਾ ਆਪਣਾ ਦੇਸ਼ ਵਿਚ ਦਾਖਲਾ ਬੰਦ ਕਰਨ ਦਾ ਫੈਸਲਾ ਕੀਤਾਸੀ ਪ੍ਰੰਤੂ ਉਥੋਂ ਦੀਆਂ ਯਨੀਵਰਸਟਿਆਂ ਦੇ ਵਿਰੋਧ ਕਾਰਨ ਇਹ ਫੈਸਲਾ ਵਾਪਸ ਲੈਣਾ ਪਿਆ ਸੀ। ਕਾਰਪੋਰੇਟ ਪੱਖੀ ਨੀਤੀਆਂ ਅਤੇ ਲਾਏ ਜਾ ਰਹੇ ਫੈਸਲਿਆਂ ਕਾਰਨ ਆਮ ਲੋਕ ਭੁਖਮਰੀ, ਸਿਹਤ ਸਹੂਲਤਾਂ ਅਤੇ ਸਿੱਖਿਆ ਤੋਂ ਲੱਗਪਗ ਵਾਂਝੇ ਹੀ ਹੁੰਦੇ ਜਾ ਰਹੇ ਹਨ । ਪਿਛਲੇ ਸਮੇਂ ਦੌਰਾਨ ਲੰਬਾ ਸਮਾਂ ਚੱਲੇ ਸ਼ਾਂਤੀਪੂਰਵਕ ਕਿਸਾਨੀ ਘੋਲ ਨੂੰ ਯਾਦ ਕਰਦਿਆਂ ਹਮੀਰ ਸਿੰਘ ਨੇ ਕਿਹਾ ਕਿ ਇਹ ਘੋਲ ਇਤਿਹਾਸਿਕ ਹੋਣ ਦੇ ਨਾਲ-ਨਾਲ ਨਵੇਂ ਬਿਰਤਾਂਤ ਸਿਰਜਣ ਦਾ ਸਰੋਤ ਵੀ ਹੋ ਨਿੱਬੜਿਆ ਹੈ। ਇਹੀ ਕਾਰਨ ਹੈ ਕਿ ਅੱਜ ਜਨਤਕ ਘੋਲ ਸਮੂਹਿਕ ਮੰਗਾਂ-ਮਸਲਿਆਂ ਵਲ ਸੇਧਿਤ ਹੋ ਰਹੇ ਹਨ। ਸੰਬੋਧਨ ਦੇ ਅਖੀਰ ਵਿੱਚ ਉਨ੍ਹਾਂ ਕਿਹਾ ਕਿ ਅੱਜ ਜਾਤ, ਧਰਮ, ,ਰੰਗ,ਨਸਲ , ਭਾਸ਼ਾ ਸੱਭਿਆਚਾਰ ਤੇ ਨਿੱਜੀ ਹਿੱਤਾਂ ਤੋਂ ਉਪਰ ਉੱਠ ਕੇ ਸਾਂਝੇ ਸੰਘਰਸ਼ ਅਤੇ ਵਿਸਤ੍ਰਿਤ ਲਾਮਬੰਦੀ ਕਰਕੇ ਨਵੇਂ ਬਿਰਤਾਂਤਾਂ ਦੀ ਸਿਰਜਣਾ ਵਲ ਵਧ ਕੇ ਹੀ ਨਵੇਂ ਦਿਸਹਿਦੇ ਤਹਿ ਕੀਤੇ ਜਾ ਸਕਦੇ ਹਨ। ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਐਸੋਸੀਏਸ਼ਨ ਦੇ ਪ੍ਰਧਾਨ ਲੱਖਾ ਸਿੰਘ ਸਹਾਰਨਾ, ਜਨਰਲ ਸਕਤਰ ਪਿਰਥੀ ਸਿੰਘ ਮਾਨ, ਪ੍ਰੈਸ ਸਕਁਤਰ ਆਤਮਾ ਸਿੰਘ ਪਮਾਰ,ਸਗਨ ਸਿੰਘ ਰਾਠੀ, ਅਜਾਇਬ ਸਿੰਘ ਅਲੀਸ਼ੇਰ,ਹਰਬੰਸ ਸਿੰਘ ਢਿਲੋਂ, ਸੱਤ ਪਾਲ ਭੈਣੀਬਾਘਾ, ਲੱਖਾਂ ਸਿੰਘ ਫਫੜੇ,ਅਰਵਿੰਦਰ ਕੌਰ,ਕਮਲੇਸ ਰਾਣੀ , ਮਹਿੰਦਰ ਪਾਲ ਅਤਲਾ ਜਸਬੀਰ ਢੰਡ ,ਸਵਿੰਦਰ ਸਿੰਘ ਸਾਬਕਾ ਮੈਨਜਰ ਅਤੇ ਸ਼ਿਕੰਦਰ ਸਿੰਘ ਘਰਾਂਗਣਾ ਆਦਿ ਵੱਡੀ ਗਿਣਤੀ ਵਿਚ ਸੇਵਾਮੁਕਤ ਮੁਲਾਜ਼ਮ ਵੀ ਹਾਜਰ ਸਨ ।
