ਚੰਡੀਗੜ੍ਹ 13 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕਾਂਗਰਸ ਵਿੱਚ ਵੱਡੇ ਅਹੁਦੇ ਤੇ ਮੰਤਰੀ ਬਣ ਕੇ ਬੱਤੀ ਵਾਲੀਆਂ ਗੱਡੀਆਂ ਉਡੀਕ ਰਹੇ ਕਾਂਗਰਸੀ ਲੀਡਰਾਂ ਨੂੰ ਝਟਕਾ ਲੱਗਾ ਹੈ। ਹੋਰ ਤਾਂ ਹੋਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਰੁੱਸੇ ਨਵਜੋਤ ਸਿੱਧੂ ਨੂੰ ਵੀ ਅਜੇ ਉਡੀਕ ਕਰਨੀ ਪਏਗੀ ਕਿਉਂਕਿ ਅਜੇ ਕਾਂਗਰਸ ਪਾਰਟੀ ਤੇ ਪੰਜਾਬ ਕੈਬਨਿਟ ਵਿੱਚ ਕੋਈ ਫੇਰ-ਬਦਲ ਨਹੀਂ ਕੀਤਾ ਜਾ ਰਿਹਾ। ਇਸ ਦਾ ਖੁਲਾਸਾ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਖੁਦ ਕੀਤਾ ਹੈ।
ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਕਾਂਗਰਸ ਤੇ ਕੈਬਨਿਟ ਵਿੱਚ ਫੇਰ-ਬਦਲ ਬਾਰੇ ਚਰਚਾ ਚੱਲ ਰਹੀ ਸੀ। ਹੁਣ ਰਾਵਤ ਨੇ ਪੰਜਾਬ ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਵਿੱਚ ਬਦਲਾਅ ਦੀਆਂ ਅਟਕਲਾਂ ਨੂੰ ਖ਼ਤਮ ਕਰ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸੂਬਾ ਕਾਂਗਰਸ ਤੇ ਸੂਬਾ ਮੰਤਰੀ ਮੰਡਲ ਵਿੱਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਦੀ ਕੋਈ ਯੋਜਨਾ ਨਹੀਂ।
ਪੰਜਾਬ ਮੰਤਰੀ ਮੰਡਲ ਵਿੱਚ ਕੁਝ ਨਵੇਂ ਚਿਹਰਿਆਂ ਬਾਰੇ ਵਿਚਾਰ ਵਟਾਂਦਰੇ ਬਾਰੇ ਪੁੱਛੇ ਜਾਣ ‘ਤੇ ਹਰੀਸ਼ ਰਾਵਤ ਨੇ ਕਿਹਾ ਕਿ ਪਾਰਟੀ ਸਮੇਂ-ਸਮੇਂ ‘ਤੇ ਆਪਣੀਆਂ ਲੋੜਾਂ ਮੁਤਾਬਕ ਨਵੇਂ ਫੈਸਲੇ ਲੈਂਦੀ ਰਹਿੰਦੀ ਹੈ, ਪਰ ਫਿਲਹਾਲ ਸੂਬਾ ਕਾਂਗਰਸ ਪਾਰਟੀ ਤੇ ਮੰਤਰੀ ਮੰਡਲ ਵਿੱਚ ਤਬਦੀਲੀ ਕਰਨ ਦੀ ਕੋਈ ਪਲਾਨਿੰਗ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਮੁਖੀ ਬਣੇ ਰਹਿਣਗੇ। ਉਨ੍ਹਾਂ ਨੂੰ ਬਦਲਣ ਦੀ ਵੀ ਅਜੇ ਕੋਈ ਯੋਜਨਾ ਨਹੀਂ।
ਹਾਲ ਹੀ ਵਿਚ ਹਰੀਸ਼ ਰਾਵਤ ਨੇ ਸੁਨੀਲ ਜਾਖੜ ਦੀ ਕਾਰਗੁਜ਼ਾਰੀ ‘ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਸੂਬਾ ਕਾਂਗਰਸ ਦੀ ਅਗਵਾਈ ਅੰਦਰੂਨੀ ਝਗੜੇ ਨੂੰ ਖ਼ਤਮ ਕਰਨ ਵਿੱਚ ਨਾਕਾਮਯਾਬ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜਲਦੀ ਹੀ ਪਾਰਟੀ ਇਕਾਈ ਦਾ ਪੁਨਰਗਠਨ ਕੀਤਾ ਜਾਣ ਦੀ ਗੱਲ ਕਰਦਿਆਂ ਕਿਹਾ ਸੀ ਕਿ ਹਾਈ ਕਮਾਂਡ ਸੂਬਾ ਇਕਾਈ ‘ਚ ਕਦੇ ਵੀ ਫੇਰਬਦਲ ਸਕ ਸਕਦੀ ਹੈ।
ਉਧਰ, ਦੂਜੇ ਪਾਸੇ ਪੰਜਾਬ ਮੰਤਰੀ ਮੰਡਲ ਤੋਂ ਚਾਰ ਮੰਤਰੀਆਂ ਨੂੰ ਹਟਾਏ ਜਾਣ ਦੀ ਚਰਚਾ ‘ਤੇ ਹਰੀਸ਼ ਰਾਵਤ ਨੇ ਕਿਹਾ ਕਿ ਫਿਲਹਾਲ ਕਿਸੇ ਵੀ ਬਦਲਾਅ ‘ਤੇ ਵਿਚਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਜੋਸ਼ ਨਾਲ ਭਰੇ ਹੋਏ ਹਨ ਤੇ ਜਲਦੀ ਹੀ ਅੰਦਰੂਨੀ ਗੜਬੜੀ ਨੂੰ ਦੂਰ ਕਰਕੇ ਸਾਰਿਆਂ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ