
ਚੰਡੀਗੜ੍ਹ 28,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਕਾਂਗਰਸ ਪੰਜਾਬ ਲਈ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਜਲਦ ਹੀ ਕਰੇਗੀ। ਅੱਜ ਚੰਡੀਗੜ੍ਹ ਪਹੁੰਚੇ ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਪਿਛਲੀ ਵਾਰ ਨਾਲੋਂ ਵੱਧ ਬਹੁਮਤ ਨਾਲ ਸਰਕਾਰ ਬਣੇਗੀ।
ਉਨ੍ਹਾਂ ਨੇ ਆਮ ਆਦਮੀ ਪਾਰਟੀ ਉੱਪਰ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਵਿਰੋਧੀ ਧਿਰ ‘ਚ ਹੈ। ਪੰਜ ਸਾਲ ਪਹਿਲਾਂ ਵੱਡੇ ਵਾਅਦੇ ਕੀਤੇ ਸੀ ਪਰ ਉਨ੍ਹਾਂ ਦੇ ਜਿੱਤੇ ਹੋਏ ਵਿਧਾਇਕ ਹੀ ਉਨ੍ਹਾਂ ਨਾਲ ਨਹੀਂ ਰਹੇ। ਸਚਿਨ ਪਾਇਲਟ ਨੇ ਕਿਹਾ ਕਿ ਅਸੀਂ ਉੱਤਰਾਖੰਡ, ਗੋਆ, ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਵਾਂਗੇ। ਯੂਪੀ ਵਿੱਚ ਅਸੀਂ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਨਿਭਾਈ ਹੈ ਤੇ ਉੱਥੇ ਵੀ ਮਾਹੌਲ ਕਾਂਗਰਸ ਦੇ ਹੱਕ ਵਿੱਚ ਹੈ।
ਦਰਅਸਲ ਹੁਣ ਤੈਅ ਹੈ ਕਿ ਪੰਜਾਬ ‘ਚ ਕਾਂਗਰਸ ਆਪਣੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇਗੀ। ਕਾਂਗਰਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਾਹਮਣੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੀ ਦਾਅਵੇਦਾਰੀ ਜਤਾਈ ਹੈ। ਹੁਣ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਵਿੱਚੋਂ ਇੱਕ ਨੂੰ ਚੁਣਨਾ ਰਾਹੁਲ ਗਾਂਧੀ ਲਈ ਵੱਡੀ ਪ੍ਰੀਖਿਆ ਹੋਏਗੀ।
ਪੰਜਾਬ ‘ਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਕੌਣ?
ਪੰਜਾਬ ‘ਚ ਆਪਸੀ ਕਲੇਸ਼ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਗੁਆ ਚੁੱਕੀ ਕਾਂਗਰਸ ਮੁੜ ਸੰਕਟ ‘ਚ ਹੈ। ਇਸ ਵਾਰ ਉਨ੍ਹਾਂ ਨੂੰ ਨਵਜੋਤ ਸਿੱਧੂ ਤੇ ਸੀਐਮ ਚੰਨੀ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਹੈ, ਪਰ ਦੋਵਾਂ ਵਿਚਾਲੇ ਲੜਾਈ ਕਿੰਨੀ ਤਿੱਖੀ ਹੈ, ਇਸ ਦੀ ਝਲਕ ਰਾਹੁਲ ਗਾਂਧੀ ਦੀ ਜਲੰਧਰ ‘ਚ ਹੋਈ ਫ਼ਤਿਹ ਰੈਲੀ ‘ਚ ਦੇਖਣ ਨੂੰ ਮਿਲੀ। ਸਿੱਧੂ ਨੇ ਇੱਥੇ ਇੱਕ ਖੁੱਲ੍ਹੇ ਮੰਚ ਤੋਂ ਰਾਹੁਲ ਸਾਹਮਣੇ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਦੀ ਮੰਗ ਰੱਖੀ। ਇਸ ਦੇ ਨਾਲ ਹੀ ਇਸ ਅਹੁਦੇ ‘ਤੇ ਆਪਣਾ ਦਾਅਵਾ ਵੀ ਠੋਕ ਦਿੱਤਾ।
