ਬੁਢਲਾਡਾ 2 ਅਕਤੂਬਰ:-(ਸਾਰਾ ਯਹਾਂ/ਅਮਨ ਮਹਿਤਾ)- ਸ਼ਹਿਰ ਅੰਦਰ ਮਨਚਲੇ ਨੌਜਵਾਨਾਂ ਵੱਲੋਂ ਸੜਕਾਂ ਉੱਤੇ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਮਾਰ ਕੇ ਬਹੁਤ ਪੇ੍ਸ਼ਾਨ ਕੀਤਾ ਜਾ ਰਿਹਾ ਹੈ। ਰੋਜ਼ਾਨਾ ਦੇਖਣ ਵਿੱਚ ਆਉਂਦਾ ਹੈ ਕਿ ਇਹ ਸ਼ਰਾਰਤੀ ਮਨਚਲੇ ਨੌਜਵਾਨਾਂ ਨੇ ਬੁਲੇਟ ਮੋਟਰਸਾਈਕਲਾਂ ਵਿੱਚ ਪਟਾਕੇ ਵਾਲੀਆਂ ਜਾਲੀਆਂ ਪਵਾ ਕੇ ਸਲੰਸਰਾਂ ਨੂੰ ਖੋਲਿਆ ਹੋਇਆ ਹੈ ਅਤੇ ਰਸਤੇ ਵਿੱਚ ਜਾਂਦੇ ਹੋਏ ਉੱਚੀ ਅਵਾਜ਼ ਵਿੱਚ ਮੋਟਰਸਾਇਕਲ ਦੇ ਪਟਾਕੇ ਪਾਉਂਦੇ ਹਨ। ਇਸ ਸੰਬੰਧੀ ਕੁੱਝ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਨੌਜਵਾਨ ਸ਼ਹਿਰ ਦੀਆਂ ਗਲੀਆਂ ਅਤੇ ਮੁਹੱਲਿਆਂ ਦੇ ਵਿੱਚੋਂ ਲੰਘਦਿਆਂ ਮੋਟਰਸਾਈਕਲ ਇੰਨੀ ਸਪੀਡ ਤੇ ਭਜਾਉਂਦੇ ਹਨ ਅਤੇ ਪਟਾਕੇ ਮਾਰਦੇ ਹਨ ਜਿਸ ਨਾਲ ਬਜ਼ੁਰਗਾਂ ਅਤੇ ਹਾਰਟ ਦੇ ਮਰੀਜ਼ਾਂ ਨੂੰ ਬਹੁਤ ਮੁਸ਼ਕਿਲਾਂ ਆਉਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਨ ਪਾੜਵੀਆਂ ਆਵਾਜ਼ਾਂ ਨਾਲ ਕਈ ਵਾਰ ਤਾਂ ਬੱਚੇ ਵੀ ਡਰ ਜਾਂਦੇ ਹਨ ਉਨ੍ਹਾਂ ਪੁਲਿਸ ਪ੍ਸ਼ਾਸਨ ਤੋਂ ਮੰਗ ਕੀਤੀ ਕਿ ਬੁਲੇਟ ਮੋਟਰਸਾਈਕਲ ਦੇ ਪਟਾਕੇ ਮਾਰਨ ਵਾਲੇ ਮਨਚਲੇ ਨੌਜਵਾਨਾਂ ਨੂੰ ਕਾਬੂ ਕਰਕੇ ਇਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਮੋਟਰਸਾਈਕਲਾਂ ਵਿੱਚੋਂ ਪਟਾਕੇ ਵਾਲੀਆਂ ਜਾਲੀਆਂ ਨੂੰ ਕਢਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ। ਇਸ ਤੋਂ ਇਲਾਵਾ ਕਈ ਨੌਜਵਾਨ ਟਰੈਕਟਰ ਅਤੇ ਕਾਰਾਂ ਜੀਪਾਂ ਤੇ ਉੱਚੀ ਆਵਾਜ਼ ਵਿੱਚ ਡੈੱਕ ਆਮ ਚਲਾਈ ਨਜ਼ਰ ਆਉਂਦੇ ਹਨ। ਕਈ ਨੌਜਵਾਨ ਤਾਂ ਸ਼ਹਿਰ ਦੀਆਂ ਗਲੀਆਂ ਵਿੱਚ ਸਵੇਰ ਤੋਂ ਸ਼ਾਮ ਤੱਕ ਆਮ ਹੀ ਗੇੜੇ ਮਾਰਦੇ ਦਿਖਦੇ ਹਨ ਜੋ ਰਾਹ ਜਾਂਦੀਆਂ ਲੜਕੀਆਂ ਨਾਲ ਛੇੜਖ਼ਾਨੀਆਂ ਕਰਦੇ ਹਨ।ਸ਼ਹਿਰ ਦੀ ਚੌੜੀ ਗਲੀ ਅੰਦਰ ਜਿਸ ਵਿੱਚ ਬੱਚੇ ਜਿਆਦਾ ਟਿਊਸ਼ਨ ਪੜਦੇ ਹਨ ਉੱਥੇ ਮਨਚਲੇ ਨੌਜਵਾਨ ਪਟਾਕੇ ਮਾਰਦੇ ਹਨ ਅਤੇ ਲੜਕੀਆਂ ਨੂੰ ਛੇੜਦੇ ਹਨ। ਇਸ ਸੰਬੰਧੀ ਥਾਣਾ ਸਿਟੀ ਐੱਸ. ਐੱਚ. ਓ. ਤਰਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੁਲੇਟ ਮੋਟਰਸਾਇਕਲਾਂ ਦੇ ਪਟਾਕੇ ਮਾਰਨ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ ‘ ਤੇ ਬਖਸ਼ਿਆ ਨਹੀਂ ਜਾਵੇਗਾ।