ਵੱਡਾ ਖੁਲਾਸਾ! ਪੰਜਾਬ ‘ਚ ਹਰ ਸਾਲ ਵਿਕਦੀ 2000 ਕਰੋੜ ਦੀ ਨਾਜਾਇਜ਼ ਸ਼ਰਾਬ

0
94

ਚੰਡੀਗੜ੍ਹ 03 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਹੋਣ ਤੋਂ ਬਾਅਦ ਲਗਾਤਾਰ ਵੱਡੇ-ਵੱਡੇ ਖੁਲਾਸੇ ਹੋ ਰਹੇ ਹਨ। ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ‘ਚ ਹਰ ਸਾਲ ਦੋ ਹਜ਼ਾਰ ਕਰੋੜ ਦੀ ਨਾਜਾਇਜ਼ ਸ਼ਰਾਬ ਵਿਕਦੀ ਹੈ। ਪੰਜਾਬ ਸਰਕਾਰ ਨੇ ਮਾਰਚ 2017 ਵਿੱਚ ਸ਼ਰਾਬ ਤੋਂ 4406 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਮਾਰਚ 2018 ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਨੇ ਸਰਕਾਰੀ ਖਾਤੇ ਵਿੱਚ 5135 ਕਰੋੜ ਰੁਪਏ ਲਿਆਂਦੇ ਸੀ।

2019 ‘ਚ 6000 ਕਰੋੜ ਦਾ ਟੀਚਾ ਤੈਅ ਕੀਤਾ ਗਿਆ ਸੀ, ਪਰ ਆਮਦਨੀ ਘੱਟ ਕੇ 5072 ਕਰੋੜ ਹੋ ਗਈ। ਪਰ 2019 ਇਕ ਅਜਿਹਾ ਸਾਲ ਸੀ ਜਿਥੇ ਮਾਲੀਆ ਘਟਿਆ। ਇਸ ਦਾ ਸਿੱਧਾ ਕਾਰਨ ਪੰਜਾਬ ‘ਚ ਨਜਾਇਜ਼ ਸ਼ਰਾਬ ਦੀ ਵਿਕਰੀ ਤੇਜ਼ ਹੋਣਾ ਸੀ। ਇਸ ਸਾਲ ਕਰਫਿਊ ਤੇ ਤਾਲਾਬੰਦੀ ਵਿੱਚ ਕਾਰੋਬਾਰ ਵਧਿਆ। ਜਾਣਕਾਰੀ ਦੇ ਅਨੁਸਾਰ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਵਿੱਚ ਨਕਲੀ ਸ਼ਰਾਬ ਕਾਫ਼ੀ ਤਿਆਰ ਕੀਤੀ ਗਈ, ਜਦਕਿ ਚੰਡੀਗੜ੍ਹ ਤੇ ਹੋਰ ਰਾਜਾਂ ਤੋਂ ਸ਼ਰਾਬ ਦੀ ਤਸਕਰੀ ਘੱਟ ਗਈ ਹੈ।

ਹਰਿਆਣਾ ਵਿੱਚ ਪੰਜਾਬ ਤੋਂ ਸਸਤੀ ਸ਼ਰਾਬ ਦੀ ਉਪਲਬਧਤਾ ਕਾਰਨ ਸ਼ਰਾਬ ਦੀ ਤਸਕਰੀ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਨਾ ਸਿਰਫ ਪੰਜਾਬ ਸਰਕਾਰ ਦਾ ਮਾਲੀਆ ਨੁਕਸਾਨ ਹੋਇਆ, ਬਲਕਿ ਸ਼ਰਾਬ ਦੇ ਠੇਕੇ ਲੈਣ ਵਾਲੇ ਠੇਕੇਦਾਰਾਂ ਨੂੰ ਵੀ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ। ਪੁਲਿਸ ਗੁਆਂਢੀ ਸੂਬਿਆਂ ਤੋਂ ਆ ਰਹੀ ਸ਼ਰਾਬ ਨੂੰ ਰੋਕਣ ਵਿੱਚ ਅਸਫਲ ਰਹੀ ਹੈ। ਮਾਲਵੇ ਵਿੱਚ ਹਰਿਆਣਾ ਦੀ ਸ਼ਰਾਬ ਵਧੇਰੇ ਵਿਕਦੀ ਹੈ, ਜਦਕਿ ਦੁਆਬਾ ਤੇ ਮਾਝਾ ਵਿੱਚ ਕੱਚੀ ਸ਼ਰਾਬ ਮਾਫੀਆ ਨੇ ਆਪਣਾ ਪੈਰ ਜਮਾ ਲਿਆ ਹੈ।

ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੀ ਸ਼ਰਾਬ ਵੀ ਵਿਕਦੀ ਸੀ। ਸ਼ਰਾਬ ਦੇ ਕਾਰੋਬਾਰ ਨਾਲ ਜੁੜੇ ਜਾਣਕਾਰ ਕਹਿੰਦੇ ਹਨ ਕਿ ਕਾਬੂ ਕੀਤੀ ਜਾ ਰਹੀ ਸ਼ਰਾਬ ਦੀ ਮਾਤਰਾ ਲਿਆਂਦੀ ਜਾ ਰਹੀ ਕੁਲ ਸ਼ਰਾਬ ਦਾ 50 ਪ੍ਰਤੀਸ਼ਤ ਵੀ ਨਹੀਂ ਹੈ। ਅੰਗਰੇਜ਼ੀ ਸ਼ਰਾਬ ਦੀ ਉਹੀ ਬੋਤਲ ਪੰਜਾਬ ‘ਚ 750 ਰੁਪਏ ‘ਚ ਮਿਲਦੀ ਹੈ ਜੋ ਗੁਆਂਢੀ ਰਾਜਾਂ ‘ਚ 250 ਰੁਪਏ ‘ਚ ਮਿਲਦੀ ਹੈ।

ਤਸਕਰ 100-150 ਰੁਪਏ ਪ੍ਰਤੀ ਬੋਤਲ ਦਾ ਫਰਕ ਰੱਖ ਕੇ ਖਪਤਕਾਰਾਂ ਨੂੰ 400 ਰੁਪਏ ਵਿੱਚ ਅੰਗਰੇਜ਼ੀ ਸ਼ਰਾਬ ਦੀ ਬੋਤਲ ਮੁਹੱਈਆ ਕਰਵਾ ਰਹੇ ਹਨ। ਕੁਆਲਟੀ ਦੇ ਮੁਕਾਬਲੇ ਇਹ ਸ਼ਰਾਬ ਬਿਹਤਰ ਹੈ ਅਤੇ ਰੇਟ ਲਗਪਗ ਅੱਧਾ ਹੈ। ਤਸਕਰਾਂ ਨੇ ਨਕਲੀ ਸ਼ਰਾਬ ਵੀ ਬਣਾਈ ਅਤੇ ਇਸ ਨੂੰ ਮਿਕਸ ਵੀ ਕੀਤਾ। ਰਾਜਪੁਰਾ ਅਤੇ ਖੰਨਾ ‘ਚ ਨਾਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਚੱਲ ਰਹੀਆਂ ਸੀ। ਜਿਸ ‘ਚ ਬ੍ਰਾਂਡ ਵਾਲੀ ਸ਼ਰਾਬ ਬਣਾ ਕੇ ਸਪਲਾਈ ਕੀਤੀ ਜਾਂਦੀ ਸੀ।

NO COMMENTS