
ਮਾਨਸਾ 2 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਪਿਛਲੇ 15 ਦਿਨਾਂ ਤੋਂ ਪੰਜਾਬ ਸਰਕਾਰ ਅਤੇ ਸਰਕਾਰੀ ਡਾਕਟਰਾਂ ਵਿਚਾਲੇ ਚੱਲ ਰਹੀ ਗੱਲਬਾਤ ਤੋ ਬਾਅਦ ਵੀ ਸਰਕਾਰ ਵੱਲੋਂ ਹੁਣ ਤੱਕ ਏ ਸੀ ਪੀ (ਸਮਾਂਬੱਧ ਤਰੱਕੀ) ਦੇ ਮੁੱਦੇ ਤੇ ਨਾ ਤਾਂ ਕਿਸੇ ਕਿਸਮ ਦੀ ਨੋਟੀਫਿਕੇਸ਼ਨ ਹੋਈ ਅਤੇ ਨਾ ਹੀ ਸੁਰੱਖਿਆ ਗਾਰਡ ਰੱਖੇ ਗਏ। ਉਕਤ ਸ਼ਬਦਾ ਦਾ ਪ੍ਰਗਟਾਵਾ ਪੀ ਸੀ ਐਮ ਐਸ ਐਸੋਸੀਏਸ਼ਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਡਾ ਗੁਰਜੀਵਨ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਵੱਲੋਂ ਦਿੱਤੇ ਸੁਰੱਖਿਆ ਪ੍ਰਬੰਧਾਂ ਦੇ ਭਰੋਸੇ ਉੱਤੇ ਜਮੀਨੀ ਪੱਧਰ ਤੇ ਕੋਈ ਇੰਤਜ਼ਾਮ ਨਾ ਹੁੰਦੇ ਵੇਖ ਡਾਕਟਰ ਵਿੱਚ ਭਾਰੀ ਰੋਸ ਹੈ। ਜਿਸ ਉਪਰੰਤ ਪੰਜਾਬ ਵਿੱਚ ਡਾਕਟਰਾਂ ਦੀ ਸਭ ਤੋਂ ਵੱਡੀ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਨੇ ਡਾਇਰੈਕਟਰ ਨੂੰ ਪੱਤਰ ਲਿਖ ਆਪਣੀ 9 ਸਤੰਬਰ ਤੋਂ ਐਲਾਨੀ ਕੰਮ ਛੋੜ ਹੜਤਾਲ ਉੱਤੇ ਕਾਇਮ ਰਹਿੰਦੇ ਹੋਏ ਵਿਭਾਗ ਨੂੰ ਚਿਤਾਵਨੀ ਦਿੱਤੀ ਹੈ ਕਿ ਪੂਰੇ ਰਾਜ ਦੇ ਸਰਕਾਰੀ ਡਾਕਟਰ ਪੂਰਨ ਹੜਤਾਲ ਤੋਂ ਪਹਿਲਾਂ ਹੀ 2 ਤਾਰੀਕ ਤੋਂ ਹੀ ਮਹੀਨਾਵਾਰ ਰਿਪੋਰਟਾਂ, ਬੈਂਚ ਮਾਰਕ ਇੰਡੀਕੇਟਰ ਅਤੇ ਹੋਰ ਦਫਤਰੀ ਕਾਰਜਾਂ ਦਾ ਬਾਈਕਾਟ ਕਰਨਗੇ ਅਤੇ ਮੰਗਾਂ ਪੂਰੀਆਂ ਨਾ ਹੋਣ ਤੱਕ ਕਿਸੇ ਵੀ ਵਿਭਾਗੀ ਮੀਟਿੰਗ ਵਿੱਚ ਵੀ ਨਹੀਂ ਭਾਗ ਲੈਣਗੇ।
ਐਸੋਸੀਏਸ਼ਨ ਦੇ ਜਿਲ੍ਹਾ ਆਗੂ ਡਾ. ਸ਼ੁਭਮ ਬਾਂਸਲ ਨੇ ਦੱਸਿਆ ਕਿ ਸਿਹਤ ਮੰਤਰੀ ਡਾ ਬਲਬੀਰ ਸਿੰਘ ਨੇ ਕਲਕੱਤਾ ਡਾਕਟਰ ਦੇ ਕਤਲ ਕਾਂਡ ਦੇ ਮਗਰੋਂ ਪੰਜਾਬ ਭਰ ਵਿੱਚ ਹੋਈ ਹੜਤਾਲ ਨੂੰ ਖੁਲਵਾਉਣ ਸਮੇਂ ਡਾਕਟਰਾਂ ਨੂੰ ਇਹ ਵਿਸ਼ਵਾਸ਼ ਦਿਵਾਇਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲਾਂ ਵਿੱਚ ਸੁਰੱਖਿਆ ਦੇ ਮੁੱਦੇ ਤੇ ਬਹੁਤ ਹੀ ਗੰਭੀਰ ਹਨ ਤੇ ਉਹ ਅਗਸਤ ਮਹੀਨੇ ਵਿੱਚ ਹੀ ਹਰੇਕ ਸਰਕਾਰੀ ਹਸਪਤਾਲ ਵਿੱਚ ਸੁਰੱਖਿਆ ਦੇ ਪ੍ਰਬੰਧ ਯਕੀਨੀ ਬਣਾਉਣਗੇ, ਇਸ ਸਬੰਧੀ ਵਿਭਾਗ ਨੇ ਖਰਚੇ ਦਾ ਬਜਟ ਬਣਾਕੇ ਵਿਤ ਵਿਭਾਗ ਕੋਲ ਵੀ ਭੇਜਿਆ ਪਰ ਹਾਲੇ ਤੱਕ ਜਮੀਨੀ ਪੱਧਰ ਤੇ ਸੁਰੱਖਿਆ ਦੇ ਪ੍ਰਬੰਧ ਜੀਰੋ ਹਨ ਅਤੇ ਇਸ ਮਹੀਨੇ ਵੀ ਇਹਨਾਂ ਗੱਲਾਂ ਦੇ ਬਾਵਜੂਦ ਡਾਕਟਰਾਂ ਅਤੇ ਮੈਡੀਕਲ ਸਟਾਫ ਉੱਤੇ ਹਮਲੇ ਦੀਆਂ 9 ਦੁਰਘਟਨਾਵਾਂ ਹੋਰ ਹੋ ਗਈਆਂ ਹਨ।
ਐਸੋਸੀਏਸ਼ਨ ਵੱਲੋਂ ਕਿਹਾ ਗਿਆ ਕਿ ਸੁਰੱਖਿਆ ਦੇ ਨਾਲ ਨਾਲ ਵਿਭਾਗ ਨੇ ਮੀਟਿੰਗ ਵਿੱਚ ਇਹ ਵੀ ਭਰੋਸਾ ਦਿੱਤਾ ਸੀ ਕਿ ਪਹਿਲਾਂ ਤੋਂ ਜਾਰੀ ਸਮਾਂਬੱਧ ਤਰੱਕੀ ਦੇ ਸਿਸਟਮ ਨੂੰ ਰੋਕਿਆ ਨਹੀਂ ਜਾਵੇਗਾ ਅਤੇ ਉਸਨੂੰ ਬਹਾਲ ਕਰਨ ਦੀ ਨੋਟੀਫਿਕੇਸ਼ਨ ਤੇ ਵੀ ਸਰਕਾਰ ਜਲਦ ਫੈਸਲਾ ਕਰੇਗੀ ਪਰ ਸਰਕਾਰ ਵੱਲੋਂ ਧਾਰੀ ਚੁੱਪੀ ਇਹ ਨਹੀਂ ਦਰਸਾਉਂਦੀ ਕਿ ਉਹ ਸਿਹਤ ਸਟਾਫ ਅਤੇ ਲੋਕਾਂ ਦੇ ਹਿਤਾਂ ਲਈ ਗੰਭੀਰ ਹੈ।
ਡਾਕਟਰ ਐਸੋਸੀਏਸ਼ਨ ਨੇ ਭਰੋਸਾ ਦਿਵਾਇਆ ਕਿ ਸਰਕਾਰ ਅਗਰ ਮੀਟਿੰਗ ਲਈ ਬੁਲਾਉਂਦੀ ਹੈ ਤਾਂ ਓਹ ਸ਼ਾਮਲ ਹੋਣਗੇ ਪਰ ਇਹ ਮੰਗਾ ਬਹੁਤ ਜਰੂਰੀ ਹਨ ਤੇ ਇਹਨਾਂ ਤੇ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਕਿਰਨਵਿੰਦਰਪੀਤ ਸਿੰਘ, ਡਾ ਅਨੀਸ਼ ਕੁਮਾਰ, ਡਾ. ਰਿਿਤਕਾ ਮੋਰਿਆ, ਡਾ. ਛਵੀ ਬਜਾਜ, ਡਾ. ਸ਼ਾਇਨਾ ਗੋਇਲ, ਡਾ. ਪ੍ਰਵੀਨ ਕੁਮਾਰ, ਡਾ. ਨਿਸ਼ੀ ਸੂਦ ਅਤੇ ਡਾ ਕਮਲ ਕੁਮਾਰ ਵਿਸ਼ੇਸ਼ ਰੂਪ ਵਿਚ ਹਾਜਰ ਸਨ।
