
ਮਾਨਸਾ, 16 ਫਰਵਰੀ (ਸਾਰਾ ਯਹਾ /ਮੁੱਖ ਸੰਪਾਦਕ): ਬੀਤੀ 14 ਫਰਵਰੀ ਨੂੰ 3 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ ਵਿੱਚ ਪਈਆਂ ਵੋਟਾਂ ਦੀ 17 ਫਰਵਰੀ ਨੂੰ ਹੋਣ ਵਾਲੀ ਗਿਣਤੀ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਕਾਨਫਰੰਸ ਹਾਲ ਵਿਖੇ ਗਿਣਤੀ ਪ੍ਰਬੰਧਾਂ ਸਬੰਧੀ ਸਮੂਹ ਰਿਟਰਨਿੰਗ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਮਹਿੰਦਰ ਪਾਲ ਨੇ ਕਿਹਾ ਕਿ ਵੋਟਾਂ ਵਾਲੇ ਦਿਨ ਵੋਟਰਾਂ ਵੱਲੋਂ ਦਿਖਾਏ ਭਾਰੀ ਉਤਸ਼ਾਹ ਦੇ ਚਲਦਿਆਂ ਜ਼ਿਲ੍ਹਾ ਮਾਨਸਾ ਸਭ ਤੋਂ ਵੱਧ ਵੋਟਿੰਗ ਨਾਲ ਸੂਬੇ ਭਰ ਵਿੱਚੋਂ ਪਹਿਲੇ ਸਥਾਨ ‘ਤੇ ਆਇਆ ਹੈ ਜਿਸ ਲਈ ਵੋਟਰ ਵਧਾਈ ਦੇ ਪਾਤਰ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਮਾਨਸਾ, ਬਰੇਟਾ ਅਤੇ ਬੁਢਲਾਡਾ ਵਿਖੇ ਗਿਣਤੀ ਕੇਂਦਰ ਬਣਾਏ ਗਏ ਹਨ ਜਿਥੇ ਕਿ ਚੋਣ ਕਮਿਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਗਿਣਤੀ ਕਰਵਾਈ ਜਾਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੇ ਜਿਮਨੇਜ਼ੀਅਮ ਹਾਲ ਵਿਖੇ ਮਾਨਸਾ ਤੇ ਜੋਗਾ ਲਈ ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ ਜਦਕਿ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੀ ਹੀ ਲਾਇਬ੍ਰੇਰੀ ਵਿੱਚ ਬੋਹਾ ਲਈ ਗਿਣਤੀ ਕੇਂਦਰ ਬਣਾਇਆ ਗਿਆ ਹੈ ਜਿਥੇ ਕਿ ਵਾਰਡਾਂ ਦੀ ਸਮਰੱਥਾ ਦੇ ਮੁਤਾਬਕ ਗਿਣਤੀ ਟੇਬਲ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹੀਦ ਨੰਦ ਸਿੰਘ ਟੈਕਨੀਕਲ

ਕਾਲਜ ਬਰੇਟਾ ਅਤੇ ਬੁਢਲਾਡਾ ਵਿਖੇ ਵੀ ਗਿਣਤੀ ਕੇਂਦਰ ਬਣਾਏ ਗਏ ਹਨ ਜਿਥੇ ਕਿ ਸਵੇਰੇ 9 ਵਜੇ ਤੋਂ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਵੇਗਾ। ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਮੂਹ ਰਿਟਰਨਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਗਿਣਤੀ ਕੇਂਦਰਾਂ ਵਿਖੇ ਤਾਇਨਾਤ ਚੋਣ ਅਮਲੇ ਵੱਲੋਂ ਕੋਵਿਡ ਤੋਂ ਬਚਾਅ ਸਬੰਧੀ ਹਦਾਇਤਾਂ ਅਤੇ ਚੋਣ ਕਮਿਸ਼ਨ ਵੱਲੋਂ ਗਿਣਤੀ ਕਰਵਾਉਣ ਸਬੰਧੀ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ।
ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਅਮਰਪ੍ਰੀਤ ਕੌਰ ਸੰਧੂ, ਰਿਟਰਨਿੰਗ ਅਧਿਕਾਰੀ ਮਾਨਸਾ ਸ਼ਿਖਾ ਭਗਤ, ਰਿਟਰਨਿੰਗ ਅਧਿਕਾਰੀ ਬੁਢਲਾਡਾ ਸਾਗਰ ਸੇਤੀਆ, ਰਿਟਰਨਿੰਗ ਅਧਿਕਾਰੀ ਬਰੇਟਾ ਸਰਬਜੀਤ ਕੌਰ, ਰਿਟਰਨਿੰਗ ਅਫ਼ਸਰ ਜੋਗਾ ਤੇ ਬੋਹਾ ਤੋਂ ਇਲਾਵਾ ਡੀ.ਐਸ.ਪੀ ਸੰਜੀਵ ਗੋਇਲ ਵੀ ਹਾਜ਼ਰ ਸਨ।
