
ਮਾਨਸਾ, 29 ਅਕਤੂਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਜਾਰੀ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸੁਧਾਈ ਯੋਗਤਾ ਮਿਤੀ 01 ਜਨਵਰੀ 2025 ਦੇ ਆਧਾਰਤ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਅੱਜ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜਿਲ੍ਹਾ ਚੋਣ ਅਫਸਰ ਮਾਨਸਾ ਸ਼੍ਰੀ ਨਿਰਮਲ ਓਸੇਪਚਨ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਯੋਗਤਾ ਮਿਤੀ 01 ਜਨਵਰੀ 2025 ਦੇ ਆਧਾਰ ’ਤੇ ਡਰਾਫਟ ਵੋਟਰ ਸੂਚੀ ਅਨੁਸਾਰ ਇਸ ਸਮੇਂ ਜਿਲ੍ਹੇ ਵਿੱਚ ਕੁੱਲ 5,89,034 ਵੋਟਰ ਹਨ, ਜਿਨ੍ਹਾਂ ਵਿੱਚ ਮਰਦ 3,11,144 ਔਰਤਾਂ 2,77,880 ਅਤੇ ਤੀਜਾ ਲਿੰਗ 10 ਹਨ। ਜਿਲ੍ਹੇ ਵਿੱਚ ਭਾਰਤ ਚੋਣ ਕਮਿਸ਼ਨ ਵੱਲੋਂ ਕੁੱਲ 645 ਪੋਲਿੰਗ ਸਟੇਸ਼ਨਾਂ (ਚੋਣ ਹਲਕਾ 96-ਮਾਨਸਾ ਵਿੱਚ 223 ਪੋਲਿੰਗ ਸਟੇਸ਼ਨ, ਚੋਣ ਹਲਕਾ 97-ਸਰਦੂਲਗੜ੍ਹ ਵਿੱਚ 206 ਅਤੇ ਪੋਲਿੰਗ ਸਟੇਸ਼ਨ ਅਤੇ ਚੋਣ ਹਲਕਾ 98-ਬੁਢਲਾਡਾ (ਅ.ਜ.) ਵਿੱਚ 216 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ।
ਉਨ੍ਹਾਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਮੀਟਿੰਗ ਵਿੱਚ ਹਾਜ਼ਰ ਨੁਮਾਇੰਦਿਆਂ ਨੂੰ ਯੋਗਤਾ ਮਿਤੀ 01 ਜਨਵਰੀ 2025 ਦੇ ਆਧਾਰ ਤੇ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਪੈਸ਼ਲ ਸੁਧਾਈ ਦੌਰਾਨ 09, 10, 23 ਅਤੇ 24 ਨਵੰਬਰ 2024 ਨੂੰ ਸਪੈਸ਼ਲ ਕੈਂਪ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਪੈਸ਼ਨ ਕੈਂਪਾਂ ਦੌਰਾਨ ਬੀ.ਐਲ.ਓਜ਼ ਆਪਣੇ ਨਾਲ ਸਬੰਧਤ ਪੋਲਿੰਗ ਸਟੇਸ਼ਨਾਂ ’ਤੇ ਬੈਠ ਕੇ ਡਰਾਫਟ ਵੋਟਰ ਸੂਚੀ ਮਿਤੀ 29 ਅਕਤੂਬਰ 2024 ਦੇ ਆਧਾਰ ’ਤੇ ਹੀ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ।
ਉਨ੍ਹਾਂ ਦੱਸਿਆ ਕਿ ਜੋ ਵੀ ਵਿਅਕਤੀ ਮਿਤੀ 01 ਜਨਵਰੀ 2025 ਨੂੰ 18 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਪੂਰੀ ਕਰਦਾ ਹੈ, ਤਾਂ ਉਹ ਉਕਤ ਮਿਤੀਆਂ ਨੂੰ ਆਪਣੇ ਪੋਲਿੰਗ ਸਟੇਸ਼ਨ ਤੇ ਜਾ ਕੇ ਸਬੰਧਤ ਬੀ.ਐਲ.ਓ. ਪਾਸ ਫਾਰਮ ਨੰਬਰ 6 ਜਮ੍ਹਾਂ ਕਰਵਾ ਕੇ ਆਪਣੀ ਵੋਟ ਬਣਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਫਾਰਮ ਨੰਬਰ 7 ਭਰਕੇ ਵੋਟ ਕਟਵਾ ਸਕਦਾ ਹੈ ਅਤੇ ਫਾਰਮ ਨੰਬਰ 8 ਭਰਕੇ ਆਪਣੀ ਪਹਿਲਾਂ ਰਜਿਸਟਰਡ ਵੋਟ ਵਿੱਚ ਸੋਧ ਕਰਵਾ ਸਕਦਾ ਹੈ। ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਬੀ.ਐਲ.ਏ (ਬੂਥ ਲੈਵਲ ਏਜੰਟ) ਨਿਯੁਕਤ ਕਰਨ ਦੀ ਅਪੀਲ ਕੀਤੀ ਅਤੇ ਵਿਧਾਨ ਸਭਾ ਚੋਣ ਹਲਕੇਵਾਰ 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ (ਅ.ਜ.) ਦੇ ਫੋਟੋ ਵੋਟਰ ਸੂਚੀਆਂ ਦਾ ਇੱਕ-ਇੱਕ ਸੈੱਟ, ਬਿਨਾਂ ਫੋਟੋ ਵੋਟਰ ਸੂਚੀਆਂ ਦੀ ਇੱਕ-ਇੱਕ ਸੀ.ਡੀਜ਼ ਦਿੱਤੀਆਂ ਗਈਆਂ।
ਮੀਟਿੰਗ ਦੌਰਾਨ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼੍ਰੀ ਚਰਨਜੀਤ ਸਿੰਘ ਅੱਕਾਂਵਾਲੀ (ਆਮ ਆਦਮੀ ਪਾਰਟੀ), ਸ਼੍ਰੀ ਕਾਕਾ ਸਿੰਘ ਮਠਾੜੂ (ਸ਼੍ਰੋਮਣੀ ਅਕਾਲੀ ਦਲ), ਸ਼੍ਰੀ ਸਵਰਨਜੀਤ ਸਿੰਘ (ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਰਕਸਿਸਟ)), ਸ਼੍ਰੀ ਰੋਹਿਤ ਬਾਂਸਲ (ਭਾਰਤੀ ਜਨਤਾ ਪਾਰਟੀ), ਸ਼੍ਰੀ ਮੰਗਤ ਰਾਏ (ਬਹੁਜਨ ਸਮਾਜ ਪਾਰਟੀ) ਅਤੇ ਚੋਣ ਕਲਰਕ ਦੀਪਕ ਮੋਹਨ ਅਤੇ ਰਾਜੇਸ਼ ਯਾਦਵ ਵੀ ਹਾਜ਼ਰ ਸਨ।
