12,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ‘ਚ ਹੁੰਝਾ ਫੇਰ ਜਿੱਤ ਤੋਂ ਬਾਅਦ ਸੱਤਾ ‘ਚ ਆਈ ਆਮ ਆਦਮੀ ਪਾਰਟੀ ਦਾ ਪਹਿਲਾ ਫੈਸਲਾ ਸਾਹਮਣੇ ਆਇਆ ਹੈ। ਭਗਵੰਤ ਮਾਨ ਨੇ ਵੇਨੂ ਪ੍ਰਸਾਦ ਨੂੰ ਪੰਜਾਬ ਦਾ ਨਵਾ ਪ੍ਰਿੰਸੀਪਲ ਸਕੱਤਰ ਨਿਯੁਕਤ ਕਰ ਦਿੱਤਾ ਹੈ । ਵੇਨੂ ਪ੍ਰਸਾਦ 1991 ਬੈਚ ਦੇ ਆਈਏਐੱਸ ਅਧਿਕਾਰੀ ਹਨ। ਦਸ ਦਈਏ ਕਿ ਭਗਵੰਤ ਮਾਨ (Bhagwant Mann) ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ ਤੋਂ ਪਹਿਲਾਂ ਹੀ ਪੰਜਾਬ ਸਰਕਾਰ ‘ਚ ਇਕ ਨਿਯੁਕਤੀ ਹੋ ਗਈ ਹੈ।
ਵੇਨੂ ਪ੍ਰਸਾਦ ਲੰਬੇ ਸਮੇਂ ਤੱਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ.ਐਮ.ਡੀ ਰਹੇ ਹਨ, ਅਤੇ ਵਰਤਮਾਨ ਵਿੱਚ ਏ.ਸੀ.ਐਸ., ਆਬਕਾਰੀ ਅਤੇ ਕਰ ਵਜੋਂ ਤਾਇਨਾਤ ਸਨ।
ਭਗਵੰਤ ਮਾਨ ਨੇ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਪੇਸ਼-
ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਹੋਈ ਹੈ। ਜਿਸ ਤੋਂ ਬਾਅਦ ਅੱਜ ਭਗਵੰਤ ਮਾਨ ਨੇ ਰਾਜਭਵਨ ‘ਚ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ । ਦਸ ਦਈਏ ਕਿ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜਕਲਾਂ ‘ਚ 16 ਮਾਰਟ ਨੂੰ ਸਹੁੰ ਚੁੱਕਣਗੇ।
ਪੁਰਾਣੇ ਵਿਧਾਇਕਾਂ ਦੀ ਸੁਰੱਖਿਆ ਵਾਪਸ
ਪੰਜਾਬ ਪੁਲਿਸ ਨੇ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਇਸ ਸੂਚੀ ਵਿੱਚ 122 ਲੋਕ ਸ਼ਾਮਲ ਹਨ ਜਿਨ੍ਹਾਂ ਦੀ ਸੁਰੱਖਿਆ ਹਟਾਏ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।ਇਸ ਵਿੱਚ ਮਨਪ੍ਰੀਤ ਬਾਦਲ, ਰਾਜ ਕੁਮਾਰ ਵੇਰਕਾ, ਭਾਰਤ ਭੂਸ਼ਣ ਆਸ਼ੂ, ਬ੍ਰਹਮ ਮਹਿੰਦਰਾ, ਸੰਗਤ ਸਿੰਘ ਗਿਲਜੀਆਂ, ਰਣਦੀਪ ਸਿੰਘ ਨਾਭਾ, ਅਜਾਇਬ ਸਿੰਘ ਭੱਟੀ, ਰਾਣਾ ਕੇਪੀ ਸਿੰਘ ਅਤੇ ਰਜ਼ੀਆ ਸੁਲਾਨਾ ਸ਼ਾਮਲ ਹਨ।
ਇਸ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਪਰਗਟ ਸਿੰਘ, ਅਰੂਣਾ ਚੌਧਰੀ, ਰਾਣਾ ਗੁਰਜੀਤ ਸਿੰਘ, ਤ੍ਰਿਪਤ ਰਜਿੰਦਰ ਬਾਜਵਾ, ਸੁੱਖ ਸਰਕਾਰੀਆ, ਕੁਲਜੀਤ ਨਾਗਰਾ, ਸੁਨੀਲ ਦੱਤੀ, ਕੁਲਦੀਪ ਵੈਦ, ਸੰਜੇ ਤਲਵਾਰ, ਸੁੱਖਵਿੰਦਰ ਸਿੰਘ ਡੈਨੀ ਅਤੇ ਰਾਜਿੰਦਰ ਬੇਰੀ ਦੀ ਸੁਰੱਖਿਆ ਵੀ ਵਾਪਸ ਲਈ ਜਾਵੇਗੀ।
ਆਦੇਸ਼ ਮੁਤਾਬਿਕ ਸੁਰੱਖਿਆ ਤੋਂ ਹਟਾਏ ਜਾਣ ਵਾਲੇ ਪੁਲਿਸ ਕਰਮੀਆਂ ਨੂੰ ਅੱਜ ਹੀ ਆਪਣੀ ਪਿੱਤਰੀ ਯੂਨਿਟ ਨੂੰ ਰਿਪੋਰਟ ਕਰਨ ਦੇ ਆਦੇਸ਼ ਹਨ।ਇਸ ਦੇ ਨਾਲ ਹੀ ਹਾਈ ਕੋਰਟ ਵੱਲੋਂ ਵਿਸ਼ੇਸ਼ ਆਦੇਸ਼ਾਂ ਤਹਿਤ ਲਾਏ ਗਏ ਕਰਮਚਾਰੀਆਂ ਨੂੰ ਨਹੀਂ ਹਟਾਇਆ ਜਾਏਗਾ।