ਮਾਨਸਾ, 1 ਅਪਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਵਿੱਦਿਅਕ ਸ਼ੈਸਨ ਦੇ ਪਹਿਲੇ ਦਿਨ ਅੱਜ ਕਿਸੇ ਸਕੂਲ ਵਿਚ ਘੰਟੀ ਨਹੀਂ ਵੱਜੀ, ਹਾਂ ਬੱਚਿਆਂ ਦੇ ਘਰਾਂ ਚ ਅਧਿਆਪਕਾਂ ਦੇ ਫੋਨ ਦੀਆਂ ਘੰਟੀਆਂ ਸਾਰਾ ਦਿਨ ਖੜਕਦੀਆ ਰਹੀਆਂ, ਹਾਈਟੈੱਕ ਹੋਏ ਸਿੱਖਿਆ ਵਿਭਾਗ ਨੇ ਵਿੱਦਿਅਕ ਸੈਸ਼ਨ ਦੇ ਪਹਿਲੇ ਦਿਨ ਸਰਕਾਰੀ ਸਕੂਲਾਂ ਦੇ ਬੰਦ ਹੋਣ ਦੇ ਬਾਵਜੂਦ ਆਨ ਲਾਈਨ ਪੜ੍ਹਾਈ ਦੀ ਸ਼ੁਰੂਆਤ ਕਰ ਦਿੱਤੀ ਹੈ। ਕਰੋਨਾ ਕਰਫ਼ਿਊ ਦੇ ਮੱਦੇਨਜ਼ਰ ਹੁਣ ਬੱਚੇ ਘਰਾਂ ਚ ਬੈਠਕੇ ਹੀ ਆਪਣਾ ਸਾਰਾ ਸਿਲੇਬਸ ਪੂਰਾ ਕਰਨਗੇ। ਪਰ ਵਿਭਾਗ ਦੀਆਂ ਹਦਾਇਤਾਂ ਨੇ ਕਿ ਨਾ ਕੋਈ ਕਿਸੇ ਅਧਿਆਪਕ ਅਤੇ ਨਾ ਹੀ ਕਿਸੇ ਬੱਚੇ ਤੇ ਕੋਈ ਜਬਰੀ ਬੋਝ ਪਾਇਆ ਜਾਵੇਗਾ, ਸਗੋ ਬੱਚਿਆਂ, ਮਾਪਿਆਂ ਦੇ ਹਲਾਤਾਂ ਮੁਤਾਬਕ ਆਨ ਲਾਇਨ ਪੜ੍ਹਾਈ ਹੋਵੇਗੀ, ਨਾਲ ਹੀ ਇਸ ਔਖੀ ਘੜੀ ਸਕੂਲ ਮੁੱਖੀ, ਕਲਾਸ ਇੰਚਾਰਜ਼ ਅਪਣੀਆਂ ਕਲਾਸਾਂ ਦੇ ਸਾਰੇ ਬੱਚਿਆਂ, ਮਾਪਿਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਭਾਈਵਾਲ ਬਣਨਗੇ।
ਬੇਸ਼ੱਕ ਨਵੀਆਂ-ਨਵੀਆਂ ਤਕਨੀਕਾਂ ਨਾਲ ਪਿਛਲੇ ਦੋ ਹਫ਼ਤਿਆਂ ਤੋਂ ਸਰਕਾਰੀ ਸਕੂਲਾਂ ਦੇ ਅਧਿਆਪਕ ਬੱਚਿਆਂ ਨਾਲ ਸੰਪਰਕ ਵਿੱਚ ਹਨ, ਪਰ ਅੱਜ ਬਕਾਇਦਾ ਰੂਪ ਵਿੱਚ ਪ੍ਰਾਇਮਰੀ ਪੱਧਰ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੀਆਂ ਲੱਗਭਗ ਸਾਰੀਆਂ ਪਾਠ ਪੁਸਤਕ ਦੀਆਂ ਪੀਡੀਐੱਫ ਫਾਈਲਾਂ ਅਧਿਆਪਕਾਂ ਤੱਕ ਅਤੇ ਅੱਗੇ ਬੱਚਿਆਂ ਦੇ ਵਟਸਐਪ ਗਰੁੱਪਾਂ ਤੇ ਜਾਣ ਲੱਗੀਆਂ ਹਨ। ਕਰੋਨਾ ਬਿਮਾਰੀ ਦੇ ਮੱਦੇਨਜ਼ਰ ਦੋ ਹਫਤਿਆਂ ਤੋਂ ਬੱਚਿਆਂ ਅਤੇ ਮਾਪਿਆਂ ਨੂੰ ਜਾਗਰੂਕ ਕਰ ਰਹੇ ਅਧਿਆਪਕਾਂ ਨੇ ਨਵੇਂ ਸੈਸ਼ਨ ਤੋਂ ਉਨ੍ਹਾਂ ਨੂੰ ਅਗਲੀਆਂ ਕਲਾਸਾਂ ਦੇ ਸਿਲੇਬਸ ਮੁਤਾਬਿਕ ਵੱਖ-ਵੱਖ ਵਿਸ਼ਿਆਂ ਦੇ ਮੁੱਢਲੇ ਪਾਠ ਕ੍ਰਮ ਭੇਜਣੇ ਆਰੰਭ ਕਰ ਦਿੱਤੇ ਹਨ। ਅਤੇ ਅਧਿਆਪਕਾਂ ਨੂੰ ਸਵੈ ਇੱਛਕ ਹਦਾਇਤਾਂ ਦਿੱਤੀਆਂ ਹਨ ਕਿ ਉਹ ਆਪਣੇ ਲੋੜੀਦੇ ਸਾਧਨਾਂ ਰਾਹੀਂ ਘਰੋ ਘਰੀ ਬੈਠ ਕੇ ਬੱਚਿਆਂ ਦੇ ਘਰਾਂ ਦੇ ਮਾਹੌਲ ਮੁਤਾਬਕ ਉਨ੍ਹਾਂ ਨਾਲ ਰਾਬਤਾ ਕਾਇਮ ਰੱਖਣ। ਵਿਭਾਗ ਨੇ ਸਪੱਸ਼ਟ ਰੂਪ ਵਿਚ ਕਿਹਾ ਹੈ ਕਿ ਪੜ੍ਹਾਈ ਕਰਵਾਉਣ ਦੀਆਂ ਹਦਾਇਤਾਂ ਕਿਸੇ ਅਧਿਆਪਕ ਜਾਂ ਬੱਚਿਆਂ ਤੇ ਜਬਰੀ ਨਹੀਂ ਥੋਪੀਆਂ ਜਾਣਗੀਆਂ, ਸਗੋਂ ਸੌਖੇ ਤਰੀਕੇ ਨਾਲ ਬੱਚਿਆਂ ਅਤੇ ਮਾਪਿਆਂ ਦੀਆਂ ਘਰਾਂ ਦੀਆਂ ਸਥਿਤੀਆਂ ਮੁਤਾਬਕ ਉਨ੍ਹਾਂ ਨੂੰ ਪੜ੍ਹਾਈ ਕਰਵਾਈ ਜਾਵੇਗੀ। ਸਿੱਖਿਆ ਵਿਭਾਗ ਦੇ ਮੀਡੀਆ ਇੰਚਾਰਜ ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਅੱਜ ਸਿੱਖਿਆ ਸਕੱਤਰ ਵੱਲੋਂ ਤੜਕਸਾਰ ਤੋਂ ਲੈ ਕੇ ਸਾਰਾ ਦਿਨ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਨਾਲ ਜ਼ੂਮ ਐਪ ਤੇ ਕੀਤੀਆਂ ਮੀਟਿੰਗਾਂ ਵਿੱਚ ਸਪੱਸ਼ਟ ਰੂਪ ਵਿੱਚ ਕਿਹਾ ਹੈ ਕਿ ਕਰੋਨਾ ਬਿਮਾਰੀ ਦੇ ਮੱਦੇਨਜ਼ਰ ਕਿਸੇ ਵੀ ਅਧਿਕਾਰੀ, ਅਧਿਆਪਕ ਅਤੇ ਬੱਚਿਆਂ ਤੇ ਪੜ੍ਹਾਈ ਦਾ ਸਿਸਟਮ ਜਬਰੀ ਨਹੀਂ ਥੋਪਿਆ ਜਾ ਰਿਹਾ, ਸਗੋਂ ਲੋੜੀਂਦੇ ਮਾਹੌਲ ਮੁਤਾਬਿਕ ਕੰਮ ਕਰਨ ਲਈ ਕਿਹਾ ਗਿਆ ਹੈ। ਅਤੇ ਨਾਲ ਨਾਲ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਹਰ ਅਧਿਆਪਕ ਆਪਣੀ ਕਲਾਸ ਦੇ ਨਾਲ ਸਬੰਧਿਤ ਬੱਚਿਆਂ ਦੇ ਪਰਿਵਾਰਾਂ ਦਾ ਪੂਰਾ ਪੂਰਾ ਖਿਆਲ ਰੱਖਣਗੇ ਤਾਂ ਕਿ ਕਿਸੇ ਪਰਿਵਾਰ ਨੂੰ ਰਾਸ਼ਨ, ਪਾਣੀ ਅਤੇ ਹੋਰ ਲੋੜੀਦੇ ਸਾਧਨਾਂ ਲਈ ਕਿਸੇ ਰੂਪ ਵਿੱਚ ਦਿੱਕਤ ਨਹੀਂ ਨਾ ਆਵੇ। ਮਾਨਸਾ ਦੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਗਰੂਪ ਭਾਰਤੀ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਗੁਰਲਾਭ ਸਿੰਘ ਨੇ ਕਿਹਾ ਕਿ ਅੱਜ ਨਵੇਂ ਸੈਸ਼ਨ ਦੇ ਮੱਦੇਨਜ਼ਰ ਸਮੂਹ ਸਕੂਲ ਮੁਖੀਆਂ ਨਾਲ ਰਾਬਤਾ ਕਾਇਮ ਰੱਖਦਿਆਂ ਬੱਚਿਆਂ ਤੇ ਮਾਪਿਆਂ ਨੂੰ ਸਭ ਤੋਂ ਪਹਿਲਾਂ ਜਾਗਰੂਕ ਕਰਨ ਉਸ ਤੋਂ ਬਾਅਦ ਉਨ੍ਹਾਂ ਦੇ ਘਰਾਂ ਦੀਆਂ ਸਾਰੀਆਂ ਦਿੱਕਤਾਂ ਦੇ ਅਨੁਸਾਰ ਹੀ ਪੜ੍ਹਾਈ ਦਾ ਕਾਰਜ ਜਾਰੀ ਰੱਖਿਆ ਗਿਆ।
ਜ਼ਿਲ੍ਹਾ ਕੋਆਰਡੀਨੇਟਰ ਅੰਗਰੇਜ਼ੀ ਤੇ ਸਮਾਜਿਕ ਸਿੱਖਿਆ ਬਲਜਿੰਦਰ ਜੋੜਕੀਆਂ ਨੇ ਦੱਸਿਆ ਕਿ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਵੱਖ ਵੱਖ ਵਿਸ਼ਿਆਂ ਦੀਆਂ ਫਾਈਲਾਂ ਪੀਡੀਐਫ ਦੇ ਰੂਪ ਵਿੱਚ ਵਟਸਐਪ ਗਰੁੱਪਾਂ ਰਾਹੀਂ ਭੇਜੀਆਂ ਜਾ ਰਹੀਆਂ ਹਨ।