
ਚੰਡੀਗੜ੍ਹ, 14 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ): ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਵਿੱਤ ਤੇ ਯੋਜਨਾ ਭਵਨ ਵਿਖੇ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿੱਤ ਵਿਭਾਗ ਦੇ 28 ਸੈਕਸ਼ਨ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ।
ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮਜਬੂਤ ਵਿਤੀ ਪ੍ਰਬੰਧਨ ਅਤੇ ਮੁਲਾਜਮ ਪੱਖੀ ਫੈਸਲੇ ਲੈਂਦੇ ਹੋਏ ਵੈਲਫੇਅਰ ਦੀਆਂ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਬਚਨਵੱਧ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵੀ ਵਿਤੀ ਪ੍ਰਬੰਧਨ ਤੇ ਭਲਾਈ ਸਕੀਮਾਂ ਦੇ ਖਰਚਿਆਂ ਦੀ ਸਹੀ ਢੰਗ ਨਾਲ ਦੇਖਰੇਖ ਕਰਨ ਲਈ ਨਵ-ਨਿਯੁਕਤ ਸੈਕਸ਼ਨ ਅਫਸਰਾਂ ਦੀ ਵੱਖ-ਵੱਖ ਵਿਭਾਗਾਂ ਵਿੱਚ ਤੈਨਾਤੀ ਕੀਤੀ ਜਾਵੇਗੀ।
ਵਿੱਤ ਮੰਤਰੀ ਨੇ ਕਿਹਾ ਕਿ ਇਸੇ ਲੜੀ ਵਿੱਚ ਐਸ.ਏ.ਐਸ. ਕਾਡਰ ਵਿੱਚ ਨਿਯੁਕਤੀਆਂ ਸਬੰਧੀ ਕੰਮ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਨ ਲਈ ਐਸ.ਏ.ਐਸ. ਪ੍ਰੀਖਿਆ ਦੀ ਅਧਿਸੂਚਨਾ ਅਤੇ ਪੀ.ਪੀ.ਐਸ.ਸੀ. ਰਾਹੀਂ ਸਿੱਧੀ ਭਰਤੀ ਦਾ ਇਸਤਿਹਾਰ ਜਾਰੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਇਸ ਪ੍ਰਕਿਆ ਤਹਿਤ ਸੈਕਸ਼ਨ ਅਫਸਰਾਂ ਦੀਆਂ ਖਾਲੀ ਪਈਆਂ ਹੋਰਨਾਂ ਆਸਾਮੀਆਂ ਨੂੰ ਵੀ ਜਲਦੀ ਤੋਂ ਜਲਦੀ ਭਰਿਆ ਜਾਵੇਗਾ।
ਸ. ਚੀਮਾ ਨੇ ਕਿਹਾ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਆਪਣੇ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਆਸਾਮੀਆਂ ਨੂੰ ਪਹਿਲ ਦੇ ਆਧਾਰ ਤੇ ਭਰਨ ਦੀ ਤਰਜੀਹ ਦਿੱਤੀ ਜਾ ਰਹੀ ਹੈ ਜਿੰਨ੍ਹਾਂ ਦਾ ਸਿੱਧਾ ਸਬੰਧ ਆਮ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣਾ ਹੈ। ਇਸ ਮੌਕੇ ਵਿੱਤ ਮੰਤਰੀ ਵੱਲੋਂ ਸਮੂਹ ਨਵ-ਨਿਯੁਕਤ ਸੈਕਸ਼ਨ ਅਫਸਰਾਂ ਨੂੰ ਸਰਕਾਰੀ ਖਜਾਨੇ ਤੇ ਹਰਪੱਖੋਂ ਨਜਰਸ਼ਾਨੀ ਕਰਦੇ ਹੋਏ ਈਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਦੀ ਹਦਾਇਤ ਵੀ ਕੀਤੀ ਗਈ।
ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਸਕੱਤਰ (ਖਰਚਾ) ਸ੍ਰੀ ਮੁਹੰਮਦ ਤਾਇਬ ਅਤੇ ਵਧੀਕ ਡਾਇਰੈਕਟਰ (ਖਜਾਨਾ ਤੇ ਲੇਖਾ) ਸਿਮਰਜੀਤ ਕੌਰ ਵੀ ਹਾਜਰ ਸਨ।
