*ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਮੌਤ ਲਈ ਤਿਆਰ ਰਹਿਣ ਦੀ ਧਮਕੀ, ਲੌਰੈਂਸ ਬਿਸ਼ਨੋਈ ਨੇ ਕੀਤਾ ਵੱਡਾ ਦਾਅਵਾ*

0
137

ਚੰਡੀਗੜ੍ਹ 08ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ ): ਯੂਥ ਅਕਾਲੀ ਦਲ ਦੇ ਲੀਡਰ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿੱਚ ਲੌਰੈਂਸ ਬਿਸ਼ਨੋਈ ਗੈਂਗ ਨੇ ਵੱਡਾ ਦਾਅਵਾ ਕੀਤਾ ਹੈ। ਲੌਰੈਂਸ ਬਿਸ਼ਨੋਈ ਗਰੁੱਪ ਦੇ ਨਾਂ ਹੇਠ ਪੋਸਟ ਪਾ ਕੇ ਵਿੱਕੀ ਦੇ ਕਾਤਲਾਂ ਨੂੰ ਮਾਰਨ ਦੀ ਚਿਤਾਵਨੀ ਦਿੱਤੀ ਹੈ। ਪੋਸਟ ਵਿੱਚ ਕਿਹਾ ਗਿਆ ਹੈ ਕਿ ਵਿੱਕੀ ਦਾ ਉਨ੍ਹਾਂ ਦੇ ਜ਼ੁਰਮਾਂ ਨਾਲ ਕੋਈ ਲੈਣ-ਦੇਣ ਨਹੀਂ। ਇਸ ਦੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਵਿੱਕੀ ਦੇ ਕਤਲ ਲਈ ਜ਼ਿੰਮੇਵਾਰ ਹੈ, ਉਹ ਆਪਣੀ ਮੌਤ ਦੀ ਤਿਆਰੀ ਕਰ ਲਵੇ। ਇਸ ਦਾ ਰਿਜਲਟ ਥੋੜ੍ਹੇ ਦਿਨਾਂ ਵਿੱਚ ਮਿਲ ਜਾਏਗਾ।

ਦੱਸ ਦਈਏ ਕਿ ਬੀਤੇ ਕੱਲ੍ਹ ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਵਿੱਕੀ ਮਿੱਡੂਖੇੜਾ ਦਾ ਮੁਹਾਲੀ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲਈ ਹੈ। ਉਂਝ ਪੁਲਿਸ ਨੂੰ ਲੌਰੈਂਸ ਬਿਸ਼ਨੋਈ ਗਰੁੱਪ ਉੱਪਰ ਵੀ ਸ਼ੱਕ ਸੀ ਪਰ ਅੱਜ ਬਿਸ਼ਨੋਈ ਗਰੁੱਪ ਨੇ ਆਪਣਾ ਪੱਖ ਸਪਸ਼ਟ ਕਰ ਦਿੱਤਾ ਹੈ।

ਉਧਰ, ਵਿੱਕੀ ਮਿੱਡੂਖੇੜਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਮਿੱਡੂਖੇੜਾ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਰਾਜਸੀ, ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਵਿਦਿਆਰਥੀ ਰਾਜਨੀਤੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦੀ ਵਿਦਿਆਰਥੀ ਜਥੇਬੰਦੀ ਸੋਈ ਦੇ ਮੁੱਖ ਆਗੂ ਵਜੋਂ ਰਾਜਨੀਤੀ ’ਚ ਪੈਰ ਰੱਖਣ ਵਾਲੇ ਵਿਕੀ ਮਿੱਡੂਖੇੜਾ ਦੀ ਨੌਜਵਾਨਾਂ ’ਚ ਚੰਗੀ ਪਕੜ ਸੀ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਭਰਾ ਅਜੇਪਾਲ ਸਿੰਘ ਮਿੱਡੂਖੇੜਾ ਨੇ ਦਿੱਤੀ।

ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ, ਸੋਈ ਦੇ ਕੌਮੀ ਪ੍ਰਧਾਨ ਅਰਸ਼ਦੀਪ ਸਿੰਘ ਰੌਬਿਨ ਬਰਾੜ, ਕਾਂਗਰਸੀ ਆਗੂ ਖੁਸ਼ਬਾਜ ਜਟਾਣਾ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਵਰਿੰਦਰ ਸਿੰਘ ਨੋਨੀ ਮਾਨ, ਮੀਤ ਜਟਾਣਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰਾਜਸੀ, ਸਮਾਜਿਕ ਤੇ ਧਾਰਮਿਕ ਸ਼ਖਸੀਅਤਾਂ ਤੇ ਇਲਾਕਾ ਵਾਸੀ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਮੁਹਾਲੀ ਦੇ ਸੈਕਟਰ-71 ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਨੂੰ ਅਣਪਛਾਤੇ ਹਮਲਾਵਰਾਂ ਨੇ ਅਨ੍ਹੇਵਾਹ ਗੋਲ਼ੀਆਂ ਮਾਰ ਦਿੱਤੀਆਂ। ਹਮਲਾਵਰਾਂ ਨੇ ਮਿੱਡੂਖੇੜਾ ਨੂੰ ਲਗਪਗ 6 ਤੋਂ ਵੱਧ ਗੋਲ਼ੀਆਂ ਮਾਰੀਆਂ, ਜਿਸ ਨਾਲ ਖੂਨ ਨਾਲ ਲਥਪਥ ਹੋ ਕੇ ਜ਼ਮੀਨ ’ਤੇ ਡਿੱਗ ਪਿਆ। ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

LEAVE A REPLY

Please enter your comment!
Please enter your name here