
ਮਾਨਸਾ, 26 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ ):
ਸਿਹਤ ਵਿਭਾਗ ਵਲੋਂ ਲੋਕਾਂ ਨੂੰ ਸਮੇਂ-ਸਮੇਂ ਤੇ ਵੱਖ-ਵੱਖ ਬੀਮਾਰੀਆਂ ਪ੍ਰਤੀ ਸੁਚੇਤ ਕਰਨ ਲਈ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਬੀਮਾਰੀ ਦੇ ਲੱਛਣਾਂ ਅਤੇ ਬਚਾਅ ਸੰਬੰਧੀ ਪ੍ਰੇਰਿਤ ਕੀਤਾ ਜਾ ਸਕੇ। ਡਾਕਟਰ ਅਸ਼ਵਨੀ ਕੁਮਾਰ ਸਿਵਲ ਸਰਜਨ ਮਾਨਸਾ ਦੇ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਅਰਸ਼ਦੀਪ ਸਿੰਘ ਅਤੇ ਸ੍ਰੀ ਸੰਤੋਸ਼ ਭਾਰਤੀ ਜੀ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ 24 ਜੁਲਾਈ ਤੋਂ 29 ਜੁਲਾਈ ਤੱਕ ਵਿਸ਼ਵ ਹੈਪੇਟਾਈਟਸ ਦਿਵਸ ਤਹਿਤ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸੇ ਤਹਿਤ ਡਾਕਟਰ ਹਰਦੀਪ ਸ਼ਰਮਾ ਐਸ ਐਮ ਓ ਸਿਹਤ ਬਲਾਕ ਖਿਆਲਾ ਕਲਾਂ ਦੀ ਦੇਖਰੇਖ ਹੇਠ ਅੱਜ ਨੰਗਲ ਕਲਾਂ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ ਸਿੰਘ ਨੇ ਦੱਸਿਆ ਕਿ ਹੈਪੇਟਾਈਟਸ ਜਿਗਰ ਦੀ ਬੀਮਾਰੀ ਹੈ ਜੋ ਕਿ ਵਾਇਰਸ ਰਾਹੀਂ ਫੈਲਦੀ ਹੈ। ਇਸ ਵਿੱਚ ਲੋਕ ਪੰਜ ਕਿਸਮਾਂ ਦੇ ਵਿਸ਼ਾਣੂ ਤੋਂ ਸੰਕਰਮਿਤ ਹੋ ਜਾਂਦੇ ਹਨ ਜੋ ਕੀ ਹੈਪੇਟਾਈਟਸ ਏ, ਬੀ, ਸੀ, ਡੀ ਅਤੇ ਈ ਹਨ। ਇਸ ਵਿਚੋਂ ਹੈਪੇਟਾਈਟਸ ਸੀ ਅਤੇ ਬੀ ਜ਼ਿਆਦਾ ਖ਼ਤਰਨਾਕ ਹਨ ਜਿਨ੍ਹਾਂ ਦਾ ਟੈਸਟ ਕਰਵਾਉਣਾ ਲਾਜ਼ਮੀ ਹੈ। ਕਿਸੇ ਵੀ ਵਿਅਕਤੀ ਨੂੰ ਸਰਜਰੀ ਕਰਵਾਉਣ ਤੋਂ ਪਹਿਲਾਂ, ਦੰਦਾ ਦਾ ਇਲਾਜ਼ ਕਰਵਾਉਣ ਸਮੇਂ, ਖੂਨ ਦਾਨ ਕਰਨ ਮੌਕੋ, ਟੈਟੂ ਖੁਦਵਾਉਣ ਤੋਂ ਪਹਿਲਾਂ, ਡਾਇਆਲਸਿਸ ਮੌਕੇ , ਗਰਭਵਤੀ ਔਰਤ ਨੂੰ ਅਤੇ ਹੈਲਥ ਕੇਅਰ ਪਰਸੋਨਲ ਨੂੰ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸ ਬੀਮਾਰੀ ਦਾ ਸਮਾਂ ਰਹਿੰਦਿਆਂ ਪਤਾ ਲੱਗ ਸਕੇ। ਰਮਨਦੀਪ ਕੌਰ ਸੀ ਐਚ ਓ ਨੇ ਦੱਸਿਆ ਕਿ ਹੈਪੇਟਾਈਟਸ- ਬੀ ਅਤੇ ਸੀ ਨੂੰ ਕਾਲਾ ਪੀਲੀਆ ਵੀ ਕਿਹਾ ਜਾਂਦਾ ਹੈ, ਇਸਦੀ ਚਪੇਟ ਵਿੱਚ ਜਦੋਂ ਕੋਈ ਆਉਂਦਾ ਹੈ ਤਾਂ ਉਸ ਵਿੱਚ ਹਲਕਾ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਕਮਜ਼ੋਰੀ, ਉਲਟੀਆਂ ਆਉਣਾ ਅਤੇ ਭੁੱਖ ਨਹੀਂ ਲਗਣਾ ਆਦਿ ਲੱਛਣ ਨਜ਼ਰ ਆਉਂਦੇ ਹਨ। ਜਿਸ ਨਾਲ ਜਿਗਰ ਦੀ ਸੋਜ ਅਤੇ ਜਿਗਰ ਦਾ ਕੈਂਸਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਤੋਂ ਬਚਾਅ ਲਈ ਬੱਚਿਆਂ ਦਾ ਹੈਪੇਟਾਈਟਸ ਬੀ ਦਾ ਟੀਕਾਕਰਨ ਹੋਣਾ ਜਰੂਰੀ ਹੈ ਜੋ ਕਿ ਸਿਹਤ ਵਿਭਾਗ ਵਲੋਂ ਬੱਚਿਆਂ ਦੀ ਟੀਕਾਕਰਨ ਸੂਚੀ ਵਿੱਚ ਸ਼ਾਮਲ ਹੈ ਤੇ ਮੁਫ਼ਤ ਲਗਾਇਆ ਜਾਂਦਾ ਹੈ। ਉਨ੍ਹਾਂ ਦਸਿਆ ਕਿ ਹੈਪੇਟਾਈਟਸ ਸੀ ਅਤੇ ਬੀ ਦਾ ਇਲਾਜ, ਬੇਸਲਾਈਨ ਟੇਸਟ ਅਤੇ ਵਾਇਰਲ ਲੋਡ ਟੈਸਟ ਰਾਜ ਦੇ ਜਿਲ੍ਹਾ ਹਸਪਤਾਲਾਂ ਵਿਖੇ ਕੀਤਾ ਜਾਂਦਾ ਹੈ। ਇਥੇ ਮਰੀਜ਼ ਆਪਣਾ ਮੁਫ਼ਤ ਇਲਾਜ ਵੀ ਕਰਵਾ ਸਕਦਾ ਹੈ। ਇਸ ਮੌਕੇ ਜਾਗਰੂਕਤਾ ਪੈਂਫਲਿਟ ਵੀ ਵੰਡੇ ਗਏ। ਰਮਨਦੀਪ ਕੌਰ ਏ ਐਨ ਐਮ ਨੇ ਖੂਨ ਦੀ ਘਾਟ ਦੇ ਲੱਛਣ, ਕਾਰਨ ਅਤੇ ਇਲਾਜ ਬਾਰੇ ਵੀ ਪ੍ਰੇਰਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਕੌਰ ਆਸ਼ਾ ਫੈਸਲੀਟੇਟਰ, ਰਬੀਤਾ ਆਰ ਆਈ, ਸੋਨੀ ਆਰ ਆਈ, ਆਸ਼ਾ ਅਮਰਜੀਤ ਕੌਰ, ਜਸਵੀਰ ਕੌਰ, ਵੀਰਪਾਲ ਕੌਰ, ਗਗਨਦੀਪ ਕੌਰ, ਨਾਥੂ ਰਾਮ, ਸ਼ਾਮ ਸਿੰਘ ਆਦਿ ਤੋਂ ਇਲਾਵਾ ਪਿੰਡ ਨਿਵਾਸੀ ਹਾਜ਼ਰ ਸਨ।
