
ਮਾਨਸਾ, 18 ਅਪ੍ਰੈਲ:(ਸਾਰਾ ਯਹਾਂ/ਬੀਰਬਲ ਧਾਲੀਵਾਲ)
ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਨਵਜੰਮੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵੱਲੋਂ ਟੀਕਾਕਰਣ ਦੀ 50ਵੀਂ ਵਰੇਗੰਢ ’ਤੇ ਸਪੈਸ਼ਲ ਕੈਂਪਾਂ ਰਾਹੀਂ 24 ਅਪ੍ਰੈਲ ਤੋ 30 ਅਪ੍ਰੈਲ ਤੱਕ ਸਪੈਸ਼ਲ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੱਸਿਆ ਕਿ ਇਹ ਮੁਹਿੰਮ ਪੂਰੇ ਮਾਨਸਾ ਜ਼ਿਲ੍ਹੇ ਦੇ ਝੁੱਗੀ ਝੌਂਪੜੀ, ਸਲੱਮ ਅਤੇ ਅਰਬਨ ਏਰੀਏ ਵਿੱਚ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਟੀਕਾਕਰਨ ਪ੍ਰੋਗਰਾਮ ਦੇ 50 ਸਾਲ ਪੂਰੇ ਹੋ ਗਏ ਹਨ। ਟੀਕਾਕਰਨ ਦੀ ਬਦੌਲਤ ਕਈ ਬੀਮਾਰੀਆਂ ਜਿਵੇਂ ਕਿ ਪੋਲਿਓ ਆਦਿ ਤੋਂ ਮੁਕਤੀ ਪਾਈ ਗਈ ਹੈ। ਟੀਕਾਕਰਨ ਨਾਲ ਹੀ ਬੀਮਾਰੀਆਂ ਦੀ ਰੋਕਥਾਮ ਕੀਤੀ ਜਾ ਰਹੀ ਹੈ। ਵਿਸ਼ੇਸ਼ ਟੀਕਾਕਰਨ ਹਫ਼ਤੇ ਦੌਰਾਨ ਉਨ੍ਹਾਂ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾਵੇਗਾ ਜੋ ਕਿਸੇ ਕਾਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਸਨ। ਇਸ ਤੋਂ ਇਲਾਵਾ ਪ੍ਰਵਾਸੀ ਅਬਾਦੀ ਦੇ ਵਾਂਝੇ ਰਹਿ ਗਏ ਲਾਭਪਾਤਰੀਆਂ ਦਾ ਟੀਕਾਕਰਨ ਵੀ ਕੀਤਾ ਜਾਵੇਗਾ।
ਡਾ.ਕੰਵਲਪ੍ਰੀਤ ਬਰਾੜ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਕਿਹਾ ਕਿ ਟੀਕਾਕਰਨ ਦੀ ਸਫਲਤਾ ਲਈ ਵਿਸ਼ੇਸ਼ ਸ਼ੈਸ਼ਨ ਲਾਏ ਜਾਣਗੇ। ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਟੀਕਾਕਰਨ ਮੁਹਿੰਮ ਵਿਚ ਸ਼ਾਮਲ ਹੋਣ ਅਤੇ ਕਿਸੇ ਕਾਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਬਚਿਆਂ ਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕਰਵਾਇਆ ਜਾਵੇ।
ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਵਿਜੈ ਕੁਮਾਰ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਵਿਸ਼ੇਸ ਹਫ਼ਤੇ ਸੰਬਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਸੈਮੀਨਾਰ, ਜਾਗਰੂਕਤਾ ਰੈਲੀ ਅਤੇ ਇੰੰਟਰ ਸਕੂਲ ਕੁਇੱਜ਼ ਮੁਕਾਬਲੇ ਕਰਵਾਏ ਜਾ ਰਹੇ ਹਨ।
