ਮਾਨਸਾ/ਖਿਆਲਾ ਕਲਾ 4 ਫਰਵਰੀ (ਸਾਰਾ ਯਹਾਂ/ ਬਲ਼ਦੇਵ ਕੱਕੜ) ਸਿਹਤ ਬਲਾਕ ਖਿਆਲਾ ਕਲਾਂ ਵੱਲੋਂ ਕੌਮੀ ਕੈਂਸਰ ਜਾਗਰੂਕਤਾ ਦਿਵਸ ਮੌਕੇ ਸਿਵਲ ਸਰਜਨ ਮਾਨਸਾ ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ਵਿੱਚ ਆਪਣੇ ਅਧੀਨ ਪਿੰਡਾਂ ਵਿੱਚ ਕੈਂਸਰ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਜਾਗਰੂਕਤਾ ਸੈਮੀਨਾਰ ਵਿੱਚ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਨੇ ਕੈਂਸਰ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਸਰੀਰ ਵਿੱਚ ਗਿਲਟੀ, ਲਗਾਤਾਰ ਖੰਘ ਅਤੇ ਆਵਾਜ਼ ਵਿਚ ਭਾਰੀਪਣ, ਮੂੰਹ ਵਿੱਚ ਨਾਂ ਠੀਕ ਹੋਣ ਵਾਲੇ ਛਾਲੇ ਅਤੇ ਮਹਾਂਮਾਰੀ ਤੋਂ ਇਲਾਵਾ ਖੂਨ ਪੈਣਾ ਆਦਿ ਲੱਛਣ ਹੋਣ ਤੇ ਹਸਪਤਾਲ ਵਿੱਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਘਰਾਂ ਦੇ ਨੇੜੇ ਮੁਫ਼ਤ ਜਾਂਚ ਲਈ ਸਿਹਤ ਤੰਦਰੁਸਤੀ ਕੇਂਦਰਾਂ ਵਿੱਚ ਤਾਇਨਾਤ ਕਮਿਊਨਿਟੀ ਹੈਲਥ ਅਫਸਰ ਵੱਲੋਂ ਗੈਰ-ਸੰਚਾਰੀ ਬੀਮਾਰੀਆਂ ਖਾਸ ਤੌਰ ‘ਤੇ ਕੈਂਸਰ ਦੀ ਜਾਗਰੂਕਤਾ ਕਰਨ ਦੇ ਨਾਲ-ਨਾਲ ਇਹਨਾਂ ਬੀਮਾਰੀਆਂ ਦੀ ਮੁੱਢਲੇ ਪੜਾਵਾਂ ‘ਤੇ ਜਾਂਚ ਕਰਕੇ ਜ਼ਰੂਰੀ ਇਲਾਜ ਮੁਹੱਈਆ ਕਰਵਾਇਆ ਜਾਂਦਾ ਹੈ। ਸੰਤੁਲਿਤ ਭੋਜਨ, ਰੋਜ਼ਾਨਾ ਕਸਰਤ ਕਰਨ ਅਤੇ ਤੰਬਾਕੂ, ਸ਼ਰਾਬ ਤੋਂ ਪਰਹੇਜ਼ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਵੱਲੋਂ ਸਾਰੇ ਮੈਡੀਕਲ ਕਾਲਜਾਂ ਅਤੇ ਸੂਚੀ ਬੱਧ ਹਸਪਤਾਲਾਂ ਵਿੱਚ ਕੈਂਸਰ ਦੀ ਬੀਮਾਰੀ ਦੇ ਇਲਾਜ ਲਈ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਡੇਢ ਲੱਖ ਤੱਕ ਦਾ ਨਗਦੀ ਰਹਿਤ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸਰਬੱਤ ਸਿਹਤ ਬੀਮਾ ਯੋਜਨਾ ਮਲਟੀ-ਸਪੈਸ਼ਲਿਸਟ ਹਸਪਤਾਲਾਂ ਵਿੱਚ ਕੈਂਸਰ ਮਰੀਜਾਂ ਨੂੰ ਨਕਦੀ ਰਹਿਤ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਲਈ ਮਦਦਗਾਰ ਸਾਬਿਤ ਹੋ ਰਹੀ ਹੈ। ਇਸ ਮੌਕੇ ਕਮਿਊਨਿਟੀ ਸਿਹਤ ਅਫ਼ਸਰ ਦਿਲਰਾਜ ਕੌਰ, ਮਨਦੀਪ ਕੌਰ, ਰਮਨਦੀਪ ਕੌਰ ਤੋਂ ਇਲਾਵਾ ਸਿਹਤ ਵਿਭਾਗ ਦੇ ਸਟਾਫ ਵੱਲੋਂ ਵੱਖ ਵੱਖ ਸਿਹਤ ਕੇਂਦਰਾਂ ਵਿੱਚ ਲੋਕਾਂ ਨੂੰ ਪ੍ਰਚਾਰ ਸਮੱਗਰੀ ਰਾਹੀਂ ਜਾਗਰੂਕ ਕੀਤਾ ਗਿਆ।