ਮਾਨਸਾ, 12 ਜੁਲਾਈ:(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ )
ਸਿਹਤ ਵਿਭਾਗ ਵੱਲੋਂ ਪਰਿਵਾਰ ਨਿਯੋਜਨ ਸਬੰਧੀ ਵਿਸ਼ੇਸ਼ ਪੰਦਰਵਾੜੇ ਤਹਿਤ ਸਿਵਲ ਸਰਜਨ ਡਾ.ਅਸਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰਦੀਪ ਸ਼ਰਮਾ ਦੀ ਅਗਵਾਈ ਹੇਠ ਪਿੰਡ ਲੱਲੁਆਣਾ ਵਿਖੇ ‘ਵਿਸ਼ਵ ਆਬਾਦੀ ਦਿਵਸ’ ਮਨਾਇਆ ਗਿਆ।
ਇਸ ਮੌਕੇ ਜ਼ਿਲ੍ਹਾ ਸਮੂਹ ਸਿਖਿਆ ਅਤੇ ਸੂਚਨਾ ਅਫਸਰ ਵਿਜੈ ਕੁਮਾਰ ਨੇ ਦੱਸਿਆ ਕਿ ਭਾਰਤ ਆਬਾਦੀ ਦੇ ਹਿਸਾਬ ਨਾਲ ਦੁਨੀਆ ਵਿੱਚ ਪਹਿਲੇ ਨੰਬਰ ’ਤੇ ਹੈ। ਆਬਾਦੀ ਵਿਚ ਜ਼ਿਆਦਾ ਵਾਧਾ ਗਰੀਬੀ, ਭੁੱਖਮਰੀ, ਅਨਪੜਤਾ, ਬੇਰੁਜਗਾਰੀ ਵਰਗੀਆਂ ਸਮੱਸਿਆਵਾਂ ਪੈਦਾ ਕਰਦਾ ਹੈ । ਇਸ ਸਮੇਂ ਚੀਨ ਦੀ ਆਬਾਦੀ 1.425 ਬਿਲੀਅਨ ਨੂੰ ਪਛਾੜ ਕੇ ਭਾਰਤ ਪਹਿਲੇ ਨੰਬਰ ’ਤੇ 1.428 ਬਿਲੀਅਨ ਆਬਾਦੀ ਵਾਲਾ ਦੇਸ਼ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਵਿਸ਼ਵ ਆਬਾਦੀ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਵਧ ਰਹੀ ਅਬਾਦੀ ਦੇ ਮਾੜੇ ਪ੍ਰਭਾਵਾ ਬਾਰੇ ਜਾਣੂ ਕਰਵਾਉਣਾ ਹੈ। ਵਿਭਾਗ ਵੱਲੋਂ ਇਸ ਦੇ ਲਈ ਇਕ ਵਿਸ਼ੇਸ਼ ਜਾਗਰੂਕਤਾ ਪੰਦਰਵਾੜਾ 11ਜੁਲਾਈ ਤੋਂ 24 ਜੁਲਾਈ ਤੱਕ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 11 ਜੁਲਾਈ ਤੋਂ 24 ਜੁਲਾਈ ਤੱਕ ਔਰਤ ਨਲਬੰਦੀ ਤੇ ਪੁਰਸ਼ ਨਸਬੰਦੀ ਦੇ ਆਪ੍ਰੇਸ਼ਨ ਕੀਤੇ ਜਾਣਗੇ।
ਉਨ੍ਹਾਂ ‘ਛੋਟਾ ਪਰਿਵਾਰ, ਸੁਖੀ ਪਰਿਵਾਰ’ ਬਾਰੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਯੋਗ ਜੋੜਿਆਂ ਨੂੰ ਵਿਆਹ ਤੋਂ 2 ਸਾਲ ਬਾਅਦ ਤੱਕ ਪਹਿਲਾਂ ਬੱਚਾ ਅਤੇ 2 ਬੱਚਿਆਂ ਵਿਚਕਾਰ ਤਿੰਨ ਸਾਲ ਦਾ ਫਰਕ ਰੱਖਣ ਬਾਰੇ ਸਿਹਤ ਕਰਮਚਾਰੀਆਂ, ਆਸ਼ਾ ਵੱਲੋਂ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡਲਿਵਰੀ ਤੋਂ ਤੁਰੰਤ ਬਾਅਦ ਪੀ.ਪੀ.ਆਈ.ਓ.ਸੀ ਡੀ ਰੱਖਣ ਲਈ ਆਸ਼ਾ ਵਰਕਰਾਂ ਵੱਲੋਂ ਗਰਭਵਤੀ ਔਰਤ ਅਤੇ ਉਸਦੇ ਪਰਿਵਾਰ ਨੂੰ ਪਹਿਲਾ ਹੀ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਪਰਿਵਾਰ ਨਿਯੋਜਨ ਦਾ ਟੀਚਾ ਪੂਰਾ ਹੋ ਸਕੇ।
ਉਪ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ, ਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਵਾਰ ਇਹ ਪੰਦਰਵਾੜਾ ਆਜਾਦੀ ਦੇ ਅੰਮ੍ਰਿਤ ਮਹੋੳਤਸਵ ਵਿੱਚ ‘ਅਸੀ ਲਈਏ ਇਹ ਸੰਕਲਪ , ਪਰਿਵਾਰ ਨਿਯੋਜਨ ਨੂੰ ਬਣਾਵਾਂਗੇ ਖੁਸ਼ੀਆਂ ਦਾ ਵਿਕਲਪ’ ਥੀਮ ਅਧੀਨ ਪਿੰਡ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ 27 ਜੂਨ ਤੋਂ 10 ਜੁਲਾਈ ਤੱਕ ਲੋਕਾਂ ਨੂੰ ਪਰਿਵਾਰ ਨਿਯੋਜਨ ਲਈ ਸਥਾਈ ਤੇ ਅਸਥਾਈ ਨਿਯੋਜਨ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੋਕੇ ਦੀਪ ਭੱਟੀ ਸੁਪਰਵਾਈਜ਼ਰ ਮਗਨਰੇਗਾ ਤੋ ਇਲਾਵਾ ਪਿੰੰਡ ਦੇ ਲੋਕ, ਸਿਹਤ ਵਿਭਾਗ ਅਧਿਕਾਰੀ ਮੌਜੂਦ ਸਨ।