
01 ,ਫ਼ਰਵਰੀ(ਸਾਰਾ ਯਹਾਂ/ਬਿਊਰੋ ਨਿਊਜ਼): ਕੇਂਦਰ ਵੱਲੋਂ ਬਜਟ ਪੇਸ਼ ਕਰਨ ਤੋਂ ਬਾਅਦ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਸਰਕਾਰ ਦੇਸ਼ ਦੇ ਤਨਖਾਹਦਾਰ ਵਰਗ ਤੇ ਮੱਧ ਵਰਗ ਨੂੰ ਰਾਹਤ ਨਾ ਦੇ ਕੇ ਉਨ੍ਹਾਂ ਨਾਲ ‘ਧੋਖਾ’ ਕੀਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, ‘ਭਾਰਤ ਦਾ ਤਨਖਾਹਦਾਰ ਵਰਗ ਤੇ ਮੱਧ ਵਰਗ ਮਹਾਮਾਰੀ ਦੇ ਇਸ ਦੌਰ ਵਿੱਚ ਤਨਖਾਹਾਂ ਵਿੱਚ ਹਰ ਪਾਸਿਓਂ ਕਟੌਤੀ ਤੇ ਮਹਿੰਗਾਈ ਵਿੱਚ ਰਾਹਤ ਦੀ ਉਮੀਦ ਕਰ ਰਿਹਾ ਸੀ। ਵਿੱਤ ਮੰਤਰੀ ਤੇ ਪ੍ਰਧਾਨ ਮੰਤਰੀ ਨੇ ਆਪਣੇ ਸਿੱਧੇ ਟੈਕਸ ਨਾਲ ਸਬੰਧਤ ਕਦਮਾਂ ਨਾਲ ਇਨ੍ਹਾਂ ਵਰਗਾਂ ਨੂੰ ਇੱਕ ਵਾਰ ਫਿਰ ਨਿਰਾਸ਼ ਕੀਤਾ ਹੈ।’
ਉਨ੍ਹਾਂ ਦੋਸ਼ ਲਾਇਆ ਕਿ ਇਹ ਤਨਖਾਹਦਾਰ ਵਰਗ ਤੇ ਮੱਧ ਵਰਗ ਨਾਲ ਵਿਸ਼ਵਾਸਘਾਤ ਹੈ। ਸੁਰਜੇਵਾਲਾ ਨੇ ਇਹ ਵੀ ਪੁੱਛਿਆ ਕਿ ਕੀ ਸਰਕਾਰ ਨੇ ‘ਕ੍ਰਿਪਟੋ ਕਰੰਸੀ’ ਤੋਂ ਹੋਣ ਵਾਲੀ ਆਮਦਨ ‘ਤੇ ਟੈਕਸ ਲਗਾ ਕੇ ਬਿੱਲ ਲਿਆਏ ਬਿਨਾਂ ‘ਕ੍ਰਿਪਟੋ ਕਰੰਸੀ’ ਨੂੰ ਕਾਨੂੰਨੀ ਰੂਪ ਦਿੱਤਾ ਹੈ?
ਉਧਰ, ਤ੍ਰਿਣਮੂਲ ਕਾਂਗਰਸ ਦੀ ਮੁਖੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 2022-23 ਦੇ ਆਮ ਬਜਟ ਨੂੰ ‘ਪੈਗਾਸਸ ਸਪਿਨ ਬਜਟ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਦੇਸ਼ ਦੇ ਆਮ ਲੋਕਾਂ ਲਈ ਕੁਝ ਵੀ ਨਹੀਂ ਹੈ।
ਮਮਤਾ ਨੇ ਟਵੀਟ ਕੀਤਾ, ”ਬੇਰੋਜ਼ਗਾਰੀ ਤੇ ਮਹਿੰਗਾਈ ਨਾਲ ਜੂਝ ਰਹੇ ਆਮ ਲੋਕਾਂ ਲਈ ਬਜਟ ‘ਚ ਕੁਝ ਨਹੀਂ। ਵੱਡੀਆਂ ਗੱਲਾਂ ਤੇ ਹਕੀਕਤ ਵਿੱਚ ਕੁਝ ਵੀ ਨਹੀਂ। ਪੈਗਾਸਸ ਸਪਿਨ ਬਜਟ ਹੈ।
