ਮਾਨਸਾ 7 ਸਤੰਬਰ (ਸਾਰਾ ਯਹਾਂ/ਗੋਪਾਲ ਅਕਲੀਆ)-ਪੰਜਾਬ ਅੰਦਰ ਸਿਆਸੀ ਪਾਰਟੀਆਂ ’ਚ ਚੱਲ ਰਹੀਆ ਬਗਾਵਤ ਸੁਰਾਂ, ਕਿਸਾਨਾਂ ਵਲੋਂ ਪਿੰਡਾਂ ਅੰਦਰ ਸਿਆਸੀ ਪਾਰਟੀਆਂ ਦਾ ਬਾਈਕਾਟ ਦੇ ਦੌਰ ’ਚ ਅਗਾਮੀ ਵਿਧਾਨ ਸਭਾ ਚੋਣਾਂ ਨੇੜੇ ਆਉਣ ਤੇ ਪਾਰਟੀਆ ਦੀਆਂ ਟਿਕਟਾਂ ਦੇ ਦਾਅਵੇਦਾਰਾਂ ਵਲੋਂ ਲੋਕ ਕਚਿਹਰੀ ’ਚ ਸਿਆਸੀ ਹੋਕਾ ਜਾਰੀ ਹੈ, ਪਰ ਕਿਸੇ ਵੀ ਸਿਆਸੀ ਪਾਰਟੀ ਦੇ ਪੈਰ ਜ਼ਮੀਨ ਤੇ ਨਾ ਲੱਗਣ ਸਦਕਾ ਦਾਅਵੇਦਾਰ ਸ਼ਸ਼ੋਪੰਜ ’ਚ ਪੈ ਰਹੇ ਹਨ। ਇਸ ਮਾਮਲੇ ’ਚ ਬਹੁਤੀਆਂ ਸਿਆਸੀ ਪਾਰਟੀਆਂ ਨੇ ਸਾਫ ਕਰ ਦਿੱਤਾ ਕਿ ਹਲਕਾ ਇੰਚਾਰਜ ਕੋਈ ਟਿਕਟ ਦੀ ਦਾਅਵੇਦਾਰੀ ਨਹੀਂ, ਪਰ ਇਸ ਵੇਲੇ ਵਿਧਾਨ ਸਭਾ ਹਲਕਾ ਮਾਨਸਾ ’ਚ ਅੰਦਰੋਂ ਅੰਦਰੀ ਸਿਆਸੀ ਸਮੀਕਰਨ ਬਦਲਦੇ ਦਿਖਾਈ ਦੇ ਰਹੇ ਹਨ, ਕਿਉਂਕਿ ਆਮ ਆਦਮੀ ਪਾਰਟੀ ਵਲੋਂ ਹਿੰਦੂ ਚਿਹਰੇ ਡਾ. ਵਿਜੇ ਸਿੰਗਲਾ ਨੂੰ ਵਿਧਾਨ ਸਭਾ ਹਲਕਾ ਮਾਨਸਾ ਦਾ ਇੰਚਾਰਜ ਲਾਉਣ ਤੇ ਵਿਰੋਧੀ ਸਿਆਸੀ ਪਾਰਟੀਆਂ ਦੇ ਮਨਾਂ ਅੰਦਰ ਕੁਰਬਲ-ਕੁਰਬਲ ਹੋਣ ਲੱਗੀ ਹੈ, ਉਹ ਵੀ ਅੰਦਰਖਾਤੇ ਹਿੰਦੂ ਪੱਤਾ ਖੇਡਣ ਦੇ ਰੌਂਅ ’ਚ ਹਨ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਗਦੀਪ ਸਿੰਘ ਨੱਕਈ ਹਨ ਤੇ ਉਹ ਇਸ ਵੇਲੇ ਪਾਰਟੀ ਟਿਕਟ ਦੇ ਪੱਕੇ ਦਾਅਵੇਦਾਰ ਹਨ। ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਹਿੰਦੂ ਪੱਤਾ ਖੇਡਦਾ ਹੈ ਤਾਂ ਸਾਇਕਲ ਗਰੁੱਪ ਦੇ ਮੈਂਬਰ ਅਤੇ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜੇ ਅਕਾਲੀ ਦਲ ਦੇ ਸਮਰਥਕ ਨਵੇਂ ਚਿਹਰੇ ਸ਼ਹਿਰ ਦੇ ਦੋਨਾਂ ਸਾਇਕਲਾ ਗਰੁੱਪਾ ਦੇ ਸਰਪ੍ਰਸਤ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਤੇ ਪੰਜਾਬ ਮੈਡੀਕਲ ਕੌਸ਼ਲ ਦੇ ਮੈਂਬਰ ਡਾ. ਜਨਕ ਰਾਜ ਸਿੰਗਲਾ , ਪਾਰਟੀ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਪ੍ਰੇਮ ਅਰੋੜਾ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਦਾ ਦਾਅ ਲੱਗ ਸਕਦਾ ਹੈ। ਉਨ੍ਹਾਂ ਵਲੋਂ ਪਾਰਟੀ ਸਰਗਰਮੀਆਂ ਜਾਰੀ ਹਨ। ਇਸ ਵੇਲੇ ਕਾਂਗਰਸ ਪਾਰਟੀ ਦੇ ਇਸ ਹਲਕੇ ਦੇ ਇਕ ਦਰਜਨ ਲੀਡਰ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਹਨ। ਜਿੰਨਾ ’ਚ ਆਪ ਛੱਡ ਕੇ ਕਾਂਗਰਸ ’ਚ ਸ਼ਾਮਲ ਹੋਏ ਮੌਜੂਦਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਜ਼ਿਲਾ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਜੂ ਬਾਂਸਲ, ਸਾਬਕਾ ਮੰਤਰੀ ਸਵ: ਸ਼ੇਰ ਸਿੰਘ ਗਾਗੋਵਾਲ ਦਾ ਪਰਿਵਾਰ, ਯੂਥ ਕਾਂਗਰਸੀ ਨੇਤਾ ਚੁਸਪਿੰਦਰਵੀਰ ਸਿੰਘ ਚਹਿਲ , ਗੁਰਪੀ੍ਰਤ ਸਿੰਘ ਵਿੱਕੀ, ਪੰਜਾਬ ਕਾਂਗਰਸ ਦੇ ਮਨਜੀਤ ਸਿੰਘ ਝੱਲਬੂਟੀ ਤੋਂ ਇਲਾਵਾ ਹਿੰਦੂ ਚਿਹਰੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਅਤੇ ਕਾਂਗਰਸੀ ਨੇਤਾ ਬਲਵਿੰਦਰ ਨਾਰੰਗ ਆਦਿ ਹੋਰ ਪੁਰਾਣੇ ਚਿਹਰੇ ਕਸ਼ਮਕਸ਼ ’ਚ ਹਨ। ਇਸ ਹਲਕੇ ’ਚ ਹਿੰਦੂ ਵੋਟ ਆਪਣਾ ਕਾਫੀ ਪ੍ਰਭਾਵ ਰੱਖਦੀ ਹੈ। ਜੇਕਰ ਆਮ ਆਦਮੀ ਪਾਰਟੀ ਹਿੰਦੂ ਪੱਤਾ ਖੇਡ ਕੇ ਡਾ. ਵਿਜੇ ਸਿੰਗਲਾ ਨੂੰ ਉਮੀਦਵਾਰ ਐਲਾਨ ਦਿੰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਵੀ ਹਿੰਦੂ ਪੱਤਾ ਖੇਡਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਇਸ ਨਾਲ ਕਈ ਨਵੇਂ ਹਿੰਦੂ ਚਿਹਰਿਆਂ ਦਾ ਦਾਅ ਲੱਗ ਸਕਦਾ ਹੈ। ਇਸ ਵੇਲੇ ਦਾਅਵੇਦਾਰਾਂ ਦਾ ਇਸ ਹਲਕੇ ’ਚ ਸਿਆਸੀ ਹੋਕਾ ਜਾਰੀ ਹੈ। ਉਹ ਸਮਾਜ ਸੇਵਾ ਜਰੀਏ ਆਪਣੀ ਠੁੱਕ ਦੀ ਨੀਂਹ ਰੱਖਣ ਲੱਗੇ ਹਨ। ਜਿਉ-ਜਿਉ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਪਾਰਟੀਆਂ ਵੋਟ ਬੈਂਕ ਨੂੰ ਵਧਾਉਣ ਲਈ ਵੱਡੇ ਵੱਡੇ ਦਾਅਵੇ ਠੋਕ ਰਹੀਆਂ ਹਨ ਅਤੇ ਹਰ ਰੋਜ਼ ਨਵੇਂ ਨਵੇਂ ਸਿਆਸੀ ਰੰਗ ਚੜ੍ਹ ਰਹੇ ਹਨ। ਫਿਲਹਾਲ ਸਭ ਦੀ ਝੋਲੀ ’ਚ ਸੂਤ ਦੇ ਲੱਡੂ ਦਿਖਾਈ ਦੇ ਰਹੇ ਹਨ। ਸਭ ਸਿਆਸੀ ਪਾਰਟੀਆਂ ਨੂੰ ਇਕਜੁੱਟਤਾ ਦਾ ਮਾਹੌਲ ਸਿਰਜਣ ਤੋਂ ਬਾਅਦ ਇਸ ਹਲਕੇ ਦੀ ਅਸਲ ਤਸਵੀਰ ਸਾਹਮਣੇ ਆਵੇਗੀ।