*ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਸੂਤੀ ਘਿਰੀ ਬੀਜੇਪੀ, ਯੋਗੀ ਤੇ ਮੋਦੀ ਸਰਕਾਰ ਦੇ ਅਕਸ ਨੂੰ ਲੱਗੀ ਵੱਡੀ ਸੱਟ*

0
34

ਨਵੀਂ ਦਿੱਲੀ (ਸਾਰਾ ਯਹਾਂ)ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਕਸੂਤੀ ਘਿਰ ਗਈ ਹੈ। ਬੇਸ਼ੱਕ ਕਿਸਾਨ ਅੰਦੋਲਨ ਕਰਕੇ ਬੀਜੇਪੀ ਖਿਲਾਫ ਪਹਿਲਾਂ ਹੀ ਰੋਸ ਸੀ ਪਰ ਲਖੀਮਪੁਰ ਖੀਰੀ ਕਾਂਡ ਨੇ ਚੋਣਾਂ ਵਾਲੇ ਦੋ ਰਾਜਾਂ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਸਿਆਸੀ ਸਮੀਕਰਨ ਬਦਲ ਦਿੱਤੇ ਹਨ। ਇਹ ਦੋਵੇਂ ਰਾਜਾਂ ਵਿੱਚ ਇਸ ਵੇਲੇ ਬੀਜੇਪੀ ਦੀਆਂ ਸਰਕਾਰਾਂ ਹਨ। ਲਖੀਮਪੁਰ ਖੀਰੀ ਕਾਂਡ ਨਾਲ ਨਾ ਸਿਰਫ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੇ ਅਕਸ ਨੂੰ ਸੱਟ ਵੱਜੀ ਹੈ, ਸਗੋਂ ਕੇਂਦਰ ਵਿਚਲੀ ਮੋਦੀ ਸਰਕਾਰ ਉੱਪਰ ਵੀ ਸਵਾਲ ਉੱਠੇ ਹਨ।

ਅਹਿਮ ਗੱਲ ਹੈ ਕਿ ਅਜੇ ਬੀਜੇਪੀ ਲਈ ਮੁਸੀਬਤਾਂ ਖਤਮ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਇੱਕ ਪਾਸੇ ਵਿਰੋਧੀ ਸਿਆਸੀ ਪਾਰਟੀਆਂ ਸੱਤਾ ਧਿਰ ਬੀਜੇਪੀ ਨੂੰ ਬੁਰੀ ਤਰ੍ਹਾਂ ਘੇਰ ਰਹੀਆਂ ਹਨ ਤੇ ਦੂਜੇ ਪਾਸੇ ਖੇਤੀ ਕਾਨੂੰਨਾਂ ਖਿਲਾਫ ਡਟੇ ਕਿਸਾਨ ਵੀ ਹੁਣ ਆਰ-ਪਾਰ ਦੀ ਲੜਾਈ ਲਈ ਰਣਨੀਤੀ ਬਣਾ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਨੇ ਹੁਣ 18 ਅਕਤੂਬਰ ਤੋਂ ਦੇਸ਼ ਭਰ ਵਿੱਚ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ।

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਬੀਜੇਪੀ ਨੇ ਖੁਦ ਹੀ ਕਿਸਾਨ ਅੰਦੋਲਨ ਨੂੰ ਦੇਸ਼ ਵਿਆਪੀ ਬਣਾਉਣ ਦਾ ਮੌਕਾ ਦੇ ਦਿੱਤਾ ਹੈ। ਲਖੀਮਪੁਰ ਖੀਰੀ ਕਾਂਡ ਮਗਰੋਂ ਦੇਸ਼ ਭਰ ਵਿੱਚ ਕਿਸਾਨ ਅੰਦੋਲਨ ਪ੍ਰਤੀ ਲੋਕਾਂ ਦੀ ਹਮਦਰਦੀ ਵਧੀ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚੇ ਨੇ ਵੀ ਅੰਦੋਲਨ ਨੂੰ ਹੋਰ ਤਿੱਖਾ ਕਰਨ ਦੀ ਰਣਨੀਤੀ ਬਣਾਈ ਹੈ। ਇਸ ਨਾਲ ਬੀਜੇਪੀ ਲਈ ਹਾਲਾਤ ਹੋਰ ਕਸੂਤੇ ਬਣਨਗੇ।

ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਤੇ ਉਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਖ਼ਿਲਾਫ਼ ਕਾਰਵਾਈ ਨਾ ਕੀਤੇ ਜਾਣ ਦੀ ਸੂਰਤ ਵਿੱਚ 18 ਅਕਤੂਬਰ ਤੋਂ ਦੇਸ਼ ਭਰ ਵਿੱਚ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਮੋਰਚ ਨੇ ਕਿਹਾ ਸੀ ਕਿ ਕੇਂਦਰੀ ਮੰਤਰੀ ਨੂੰ ਫੌਰੀ ਕੇਂਦਰੀ ਵਜ਼ਾਰਤ ’ਚੋਂ ਲਾਂਭੇ ਕਰਕੇ ਪਿਉ-ਪੁੱਤ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਮੋਰਚੇ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਉਪਰੋਕਤ ਸਾਰੀਆਂ ਮੰਗਾਂ 11 ਅਕਤੂਬਰ ਤੱਕ ਪੂਰੀਆਂ ਨਹੀਂ ਹੁੰਦੀਆਂ, ਤਾਂ ਉਹ 18 ਅਕਤੂਬਰ ਨੂੰ ਆਲ ਇੰਡੀਆ ਰੇਲ ਰੋਕੋ ਦੇ ਸੱਦੇ ਨੂੰ ਅੱਗੇ ਵਧਾਉਣਗੇ।

ਬੇਸ਼ੱਕ ਪੁਲਿਸ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਮੰਤਰੀ ਅਜੇ ਵੀ ਆਪਣੇ ਅਹੁਦੇ ਉੱਪਰ ਬਰਕਰਾਰ ਹਨ। ਇਸ ਲਈ ਹੁਣ ਵੇਖਣਾ ਹੋਏਗਾ ਕਿ ਕਿਸਾਨ ਅਗਲੀ ਰਣਨੀਤੀ ਕੀ ਬਣਾਉਂਦੇ ਹਨ। ਇਹ ਵੀ ਦੱਸ ਦਈਏ ਕਿ ਮੋਰਚੇ ਵੱਲੋਂ ਦਿੱਤੇ ਹੋਰਨਾਂ ਪ੍ਰੋਗਰਾਮਾਂ ਤਹਿਤ 12 ਅਕਤੂਬਰ ਨੂੰ ‘ਸ਼ਹੀਦ ਕਿਸਾਨ ਦਿਵਸ’ ਵਜੋਂ ਮਨਾਇਆ ਜਾਵੇਗਾ।

ਮੋਰਚੇ ਨੇ 12 ਅਕਤੂਬਰ ਨੂੰ ਤਿਕੋਨੀਆ ਵਿੱਚ ਲਖੀਮਪੁਰ ਖੀਰੀ ਕਿਸਾਨ ਕਤਲੇਆਮ ਵਿੱਚ ਪੰਜ ਸ਼ਹੀਦਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਸਾਰੇ ਯੂਪੀ ਤੇ ਭਾਰਤ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਦਿਨ ਕਿਸਾਨ ਮੋਰਚੇ ਵੱਲੋਂ ਵੱਡੇ ਐਲਾਨ ਕੀਤੇ ਜਾ ਸਕਦੇ ਹਨ। ਮੋਰਚੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ 12 ਅਕਤੂਬਰ ਨੂੰ ਗੁਰਦੁਆਰਿਆਂ, ਮੰਦਰਾਂ, ਚਰਚਾਂ, ਮਸਜਿਦਾਂ ਤੇ ਹੋਰਨਾਂ ਜਨਤਕ ਥਾਵਾਂ ’ਤੇ ਪ੍ਰਾਰਥਨਾ ਤੇ ਸ਼ਰਧਾਂਜਲੀ ਸਭਾਵਾਂ ਕਰਵਾਈਆਂ ਜਾਣ। ਉਸੇ ਦਿਨ ਸ਼ਾਮ ਨੂੰ ਮੋਮਬੱਤੀ ਮਾਰਚ ਦਾ ਵੀ ਕੀਤਾ ਜਾਵੇ ਤੇ ਲੋਕ ਆਪਣੇ ਘਰਾਂ ਦੇ ਬਾਹਰ 5 ਮੋਮਬੱਤੀਆਂ ਜਗਾਉਣ।

ਦੂਜੇ ਪਾਸੇ ਕਾਂਗਰਸ ਨੇ 16 ਅਕਤੂਬਰ ਨੂੰ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਲਈ ਹੈ। ਇਸ ਦੌਰਾਨ ਪਾਰਟੀ ਲੀਡਰਸ਼ਿਪ ਵੱਲੋਂ ਮੌਜਦਾ ਸਿਆਸੀ ਸਥਿਤੀ, ਲਖੀਮਪੁਰ ਖੀਰੀ ਹਿੰਸਾ ਤੇ ਸੰਗਠਨਾਤਮਕ ਚੋਣਾਂ ਬਾਰੇ ਫ਼ੈਸਲੇ ’ਤੇ ਚਰਚਾ ਕੀਤੀ ਜਾਵੇਗੀ। ਲਖੀਮਪੁਰ ਖੀਰੀ ਕਾਂਡ ਮਗਰੋਂ ਕਾਂਗਰਸ ਮੁੜ ਸਰਗਰਮ ਹੋਈ ਹੈ। ਕਾਂਗਰਸੀ ਲੀਡਰ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੇ ਬੀਜੇਪੀ ਨੂੰ ਬੁਰੀ ਤਰ੍ਹਾਂ ਘੇਰਿਆ ਹੈ। ਦੋਵੇਂ ਲੀਡਰ ਇਸ ਵੇਲੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

LEAVE A REPLY

Please enter your comment!
Please enter your name here