*ਵਿਧਾਨ ਸਭਾ ਕਮੇਟੀ ਵੱਲੋਂ ਕਿਸਾਨ ਅੰਦੋਲਨ ਦੌਰਾਨ ਤਸ਼ੱਦਦ ਦਾ ਸ਼ਿਕਾਰ ਹੋਏ ਕਿਸਾਨਾਂ ਨਾਲ ਮੁਲਾਕਾਤ*

0
19

ਮਾਨਸਾ, 18 ਜੂਨ  (ਸਾਰਾ ਯਹਾਂ/ਮੁੱਖ ਸੰਪਾਦਕ): ਕੇਂਦਰ ਦੇ ਤਿੰਨੇ ਕਾਲੇ ਕਾਨੂੰਨਾਂ ਦੇ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਕਥਿਤ ਤੌਰ ’ਤੇ ਤਸ਼ੱਦਦ ਦਾ ਸ਼ਿਕਾਰ ਹੋਏ ਕਿਸਾਨਾਂ ਦੀ ਛਾਣਬੀਣ ਕਰਨ ਲਈ ਅੱਜ ਪੰਜਾਬ ਵਿਧਾਨ ਸਭਾ ਕਮੇਟੀ ਵੱਲੋਂ ਮਾਨਸਾ ਵਿਖੇ ਪੀੜਤ ਕਿਸਾਨਾਂ ਨਾਲ ਮੀਟਿੰਗ ਕਰਕੇ ਬਿਆਨ ਦਰਜ ਕੀਤੇ ਗਏ। ਕਮੇਟੀ ਦੇ ਚੇਅਰਮੈਨ ਅਤੇ ਹਲਕਾ ਗਿੱਲ ਦੇ ਵਿਧਾਇਕ ਸ. ਕੁਲਦੀਪ ਸਿੰਘ ਵੈਦ ਅਤੇ ਕਮੇਟੀ ਮੈਂਬਰ ਤੇ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪੀੜਤ ਕਿਸਾਨਾਂ ਨਾਲ ਵਿਸਥਾਰ ਵਿੱਚ ਗੱਲਬਾਤ ਕੀਤੀ ਤੇ ਬਿਆਨ ਕਲਮਬੱਧ ਕੀਤੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਚੇਅਰਮੈਨ ਸ਼੍ਰੀ ਕੁਲਦੀਪ ਸਿੰਘ ਵੈਦ ਨੇ ਦੱਸਿਆ ਕਿ ਵਿਧਾਨ ਸਭਾ ਦੇ ਸਪੀਕਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ’ਤੇ ਹੋਏ ਅੱਤਿਆਚਾਰਾਂ ਬਾਰੇ ਵਿਸਥਾਰਤ ਰਿਪੋਰਟ ਪੇਸ਼ ਕਰਨ ਲਈ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ ਪਾਰਟੀਆਂ ਦੇ 5 ਵਿਧਾਇਕਾਂ ਜਿੰਨ੍ਹਾਂ ਵਿੱਚ ਸ਼੍ਰੀ ਕੁਲਬੀਰ ਸਿੰਘ ਜੀਰਾ, ਸ਼੍ਰੀ ਫ਼ਤਿਹਜੰਗ ਸਿੰਘ ਬਾਜਵਾ ਅਤੇ ਸ਼੍ਰੀਮਤੀ ਸਰਬਜੀਤ ਕੌਰ ਮਾਣੂਕੇ ਵੀ ਮੈਂਬਰ ਹਨ, ਨੂੰ ਸ਼ਾਮਲ  ਕਰਕੇ ਇਸ ਕਮੇਟੀ ਦਾ ਗਠਨ ਕੀਤਾ ਗਿਆ ਸੀ ਜੋ ਕਿ ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆਂ ਦਾ ਦੌਰਾ ਕਰਕੇ ਤੱਥ ਇਕੱਤਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਪੀੜਤ ਕਿਸਾਨਾਂ ਨੂੰ ਚੰਡੀਗੜ੍ਹ ਬੁਲਾਉਣ ਦੀ ਬਜਾਏ ਕਮੇਟੀ ਹੀ ਜ਼ਿਲਿ੍ਹਆਂ ਵਿੱਚ ਜਾਵੇ ਅਤੇ ਉਨ੍ਹਾਂ ਕਿਸਾਨਾਂ ਦੇ ਬਿਆਨ ਰਜਿਸਟਰ ਕੀਤੇ ਜਾਣ ਜਿਹੜੇ ਕਿਸਾਨਾਂ ’ਤੇ ਕਿਸਾਨ ਅੰਦੋਲਨ ਦੌਰਾਨ ਪੁਲਿਸ ਨੇ ਕੇਸ ਦਰਜ ਕੀਤੇ ਅਤੇ ਜਾਂ ਫ਼ਿਰ ਜੇਲ੍ਹਾਂ ਵਿੱਚ ਬੰਦ ਕੀਤਾ।
ਸ਼੍ਰੀ ਵੈਦ ਨੇ ਦੱਸਿਆ ਕਿ ਕਿਸਾਨਾਂ ’ਤੇ ਦਿੱਲੀ ਦੇ ਪੁਲਿਸ ਥਾਣਿਆਂ ਵਿੱਚ ਜਾਂ ਤਿਹਾੜ ਜੇਲ੍ਹ ਵਿੱਚ ਜੋ ਤਸ਼ੱਦਦ ਹੋਇਆ ਉਸ ਨੂੰ ਇਸ ਰਿਪੋਰਟ ਵਿੱਚ ਬੇਨਕਾਬ ਕੀਤਾ ਜਾਵੇਗਾ ਅਤੇ ਅਗਲੇ 6 ਹਫ਼ਤਿਆਂ ਤੱਕ ਇਹ ਕਮੇਟੀ ਆਪਣੀ ਰਿਪੋਰਟ ਸੌਂਪ ਦੇਵੇਗੀ ਅਤੇ ਢੁਕਵੀਂ ਕਾਰਵਾਈ ਦੀ ਸਿਫ਼ਾਰਿਸ਼ ਵੀ ਕਰੇਗੀ। ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਇਸ ਤੋਂ ਪਹਿਲਾਂ ਲੁਧਿਆਣਾ, ਮੋਗਾ, ਬਠਿੰਡਾ ਵਿਖੇ ਅਜਿਹੀਆਂ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਹੁਣ ਤੱਕ 36 ਕਿਸਾਨਾਂ ਦੇ ਬਿਆਨ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੱਕ ਮੰਗ ਰਹੇ ਕਿਸਾਨਾਂ ’ਤੇ ਦਿੱਲੀ ਪੁਲਿਸ ਵੱਲੋਂ ਕੀਤਾ ਗਿਆ ਇਹ ਤਸ਼ੱਦਦ ਬੇਹੱਦ ਨਿੰਦਣਯੋਗ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਮੁੱਦੇ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਕਮੇਟੀ ਨੇ ਪੀੜਤਾਂ ਨੂੰ ਇਨਸਾਫ਼ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਰਿਪੋਰਟ ਵਿੱਚ ਹਰ ਤੱਥ ਨੂੰ ਉਜਾਗਰ ਕੀਤਾ ਜਾਵੇਗਾ। ਸ. ਵੈਦ ਨੇ ਦੱਸਿਆ ਕਿ ਕਮੇਟੀ ਵੱਲੋਂ 24 ਜੂਨ ਨੂੰ ਸਵੇਰੇ 11 ਵਜੇ ਨਵਾਂ ਸ਼ਹਿਰ ਅਤੇ ਬਾਅਦ ਦੁਪਹਿਰ 1 ਵਜੇ ਸਰਕਟ ਹਾਊਸ ਜਲੰਧਰ ਵਿਖੇ ਵੀ ਪੀੜਤ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਅਤੇ ਜਿਹੜਾ ਵੀ ਵਿਅਕਤੀ ਕਿਸਾਨ ਅੰਦੋਲਨ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਤਸ਼ੱਦਦ ਦੇ ਬਾਰੇ ਕਮੇਟੀ ਕੋਲ ਆਪਣਾ ਬਿਆਨ ਦਰਜ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਮੀਟਿੰਗ ਵਿੱਚ ਸ਼ਾਮਲ ਹੋ ਸਕਦਾ ਹੈ। 
ਕਿਸਾਨਾਂ ਨਾਲ ਮੁਲਾਕਾਤ ਉਪਰੰਤ ਕਮੇਟੀ ਮੈਂਬਰ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੁਲਿਸ ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ’ਤੇ ਕੀਤਾ ਗਿਆ ਅੱਤਿਆਚਾਰ ਅਤੇ ਜੇਲ੍ਹਾਂ ਵਿਖੇ ਕਿਸਾਨਾਂ ਨਾਲ ਹੋਏ ਮਾੜੇ ਵਿਵਹਾਰ ਬਾਰੇ ਖੁਲਾਸਾ ਰਿਪੋਰਟ ਵਿੱਚ ਕੀਤਾ ਜਾਵੇਗਾ। 
ਇਸ ਮੌਕੇ ਵਿਧਾਇਕ ਸ. ਨਾਜ਼ਰ ਸਿੰਘ ਮਾਨਸ਼ਾਹੀਆ, ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ, ਏ.ਡੀ.ਸੀ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੁ, ਐਸ.ਪੀ ਡੀ ਅਜੀਤਗੜ੍ਹ ਸ਼੍ਰੀ ਹਰਮਨਜੀਤ ਸਿੰਘ ਹਾਂਸ, ਪੰਜਾਬ ਐਗਰੀਕਲਚਰ ਐਕਸਪੋਰਟ ਨਿਗਮ ਦੇ ਡਾਇਰੈਕਟਰ ਸ਼੍ਰੀ ਗੌਰਵ ਬੱਬਾ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here