ਮਾਨਸਾ, 24 ਅਕਤੂਬਰ(ਸਾਰਾ ਯਹਾ /ਹੀਰਾ ਸਿੰਘ ਮਿੱਤਲ): ਤਬਦੀਲ ਹੋ ਰਹੇ ਮੌਸਮ ਵਿੱਚ ਆਪਣੀ ਸਿਹਤ ਪ੍ਰਤੀ ਵਧੇਰੇ ਸਾਵਧਾਨੀਆਂ ਵਰਤੇ ਜਾਣ ਦੀ ਲੋੜ ਹੈ ਅਤੇ ਇਸ ਮੌਸਮ ਵਿੱਚ ਮੱਛਰ ਦੇ ਕੱਟਣ ਨਾਲ ਡੇਂਗੂ, ਮਲੇਰੀਆ, ਚਿਕਨਗੁਨੀਆਂ ਜਿਹੀਆਂ ਬਿਮਾਰੀਆਂ ਹੋਣ ਦਾ ਵਧੇਰੇ ਖ਼ਦਸ਼ਾ ਰਹਿੰਦੇ ਹੋਣ ਕਾਰਨ ਨਗਰ ਕੌਂਸਲ ਮਾਨਸਾ ਨੇ ਇੱਕ ਨਵੀਂ ਫੋਗਿੰਗ ਮਸ਼ੀਨ ਤਿਆਰ ਕਰਵਾਈ ਹੈ ਜਿਸ ਦਾ ਉਦਘਾਟਨ ਵਿਧਾਇਕ ਸ. ਨਾਜਰ ਸਿੰਘ ਮਾਨਸਾਹੀਆ ਵੱਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਮਿਸ਼ਨ ਪੰਜਾਬ ਅਤੇ ਮਿਸ਼ਨ ਫ਼ਤਿਹ ਤਹਿਤ ਪਹਿਲਾਂ ਹੀ ਲੋਕਾਂ ਨੂੰ ਸਿਹਤਮੰਦ ਜੀਵਨ ਮੁਹੱਈਆ ਕਰਵਾਉਣ ਲਈ ਮਹੱਤਵਪੂਰਨ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨਗਰ ਕੌਂਸਲ ਵਿਖੇ ਇਸ ਨਵੀਂ ਮਸ਼ੀਨ ਨਾਲ ਰੋਜ਼ਾਨਾ 8 ਤੋਂ 9 ਵਾਰਡਾਂ ਵਿੱਚ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਅ ਸੰਭਵ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਹਾਲਾਂਕਿ ਨਗਰ ਕੌਂਸਲ ਵਿਖੇ ਇਸ ਤੋਂ ਪਹਿਲਾਂ ਵੀ 3 ਹੱਥ ਚਲਿਤ ਮਸ਼ੀਨਾਂ ਮੌਜੂਦ ਹਨ ਪਰ ਵਾਹਨ ’ਤੇ ਸਥਾਪਤ ਕੀਤੀ ਗਈ ਨਵੀਂ ਮਸ਼ੀਨ ਦੀ ਸਮਰੱਥਾ ਪਹਿਲਾਂ ਤੋਂ ਉਪਲਬਧ ਮਸ਼ੀਨਾਂ ਨਾਲੋਂ ਕਿਤੇ ਵੱਧ ਹੈ ਅਤੇ ਯਕੀਨੀ ਤੌਰ ’ਤੇ ਸ਼ਹਿਰ ਵਾਸੀ ਇਸ ਨਾਲ ਰਾਹਤ ਮਹਿਸੂਸ ਕਰਨਗੇ। ਇਸ ਮੌਕੇ ਕਾਰਜਸਾਧਕ ਅਫ਼ਸਰ ਸ਼੍ਰੀ ਵਿਸ਼ਾਲ ਵੀ ਮੌਜੂਦ ਸਨ।