ਭੀਖੀ/ਮਾਨਸਾ, 10 ਮਈ (ਸਾਰਾ ਯਹਾਂ/ਮੁੱਖ ਸੰਪਾਦਕ) : ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਮਾਰਕੀਟ ਕਮੇਟੀ ਭੀਖੀ ਦੇ ਨਵੇਂ ਚੇਅਰਮੈਨ ਸ. ਇਕਬਾਲ ਸਿੰਘ ਫਫੜੇ ਭਾਈ ਕੇ ਅਤੇ ਵਾਈਸ ਚੇਅਰਮੈਨ ਸ਼੍ਰੀ ਸਤਪਾਲ ਮੱਤੀ ਨੇ ਵਿਧਾਇਕ ਸ. ਨਾਜਰ ਸਿੰਘ ਮਾਨਸ਼ਾਹੀਆ ਤੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀ ਮੌਜੂਦਗੀ ਵਿੱਚ ਅੱਜ ਆਪਣੇ ਦਫ਼ਤਰ ਵਿਖੇ ਅਹੁਦੇ ਸੰਭਾਲੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਵਿਧਾਇਕ ਸ. ਨਾਜਰ ਸਿੰਘ ਮਾਨਸ਼ਾਹੀਆ ਤੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਮੁਬਾਰਕਬਾਦ ਭੇਟ ਕਰਦਿਆਂ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੂੰ ਭਵਿੱਖ ਲਈ ਨਿੱਘੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ। ਵਿਧਾਇਕ ਸ. ਮਾਨਸ਼ਾਹੀਆ ਨੇ ਕਿਹਾ ਕਿ ਮਿਹਨਤ, ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾ ਨਿਭਾਉਣ ਵਾਲਿਆਂ ਨੂੰ ਬਣਦਾ ਮਾਣ ਸਨਮਾਨ ਜ਼ਰੂਰ ਮਿਲਦਾ ਹੈ ਅਤੇ ਉਚ ਅਹੁਦਿਆਂ ’ਤੇ ਬੈਠਣ ਮਗਰੋਂ ਮਨੁੱਖਤਾ ਦੀ ਸੇਵਾ ਪ੍ਰਤੀ ਜਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਅਤੇ ਇਸ ਜ਼ਿੰਮੇਵਾਰੀ ਨੂੰ ਪੂਰੀ ਲਗਨ ਨਾਲ ਨਿਭਾਇਆ ਜਾਣਾ ਚਾਹੀਦਾ ਹੈ। ਵਿਧਾਇਕ ਸ. ਮਾਨਸ਼ਾਹੀਆ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਅਤੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਦੌਰਾਨ ਨਵ ਨਿਯੁਕਤ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਸ਼੍ਰੀ ਵਿਨੋਦ ਸਿੰਗਲਾ ਅਤੇ ਕਮੇਟੀ ਮੈਂਬਰ ਵੀ ਮੌਜੂਦ ਸਨ।ਕੈਪਸ਼ਨ: ਵਿਧਾਇਕ ਸ. ਨਾਜਰ ਸਿੰਘ ਮਾਨਸ਼ਾਹੀਆ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀ ਹਾਜ਼ਰੀ ਵਿੱਚ ਚੇਅਰਮੈਨ ਸ. ਇਕਬਾਲ ਸਿੰਘ ਫਫੜੇ ਭਾਈ ਕੇ ਅਤੇ ਵਾਈਸ ਚੇਅਰਮੈਨ ਸ਼੍ਰੀ ਸਤਪਾਲ ਮੱਤੀ ਅਹੁਦੇ ਸੰਭਾਲਦੇ ਹੋਏ।