
ਮਾਨਸਾ, 11 ਜਨਵਰੀ: (ਸਾਰਾ ਯਹਾਂ/ਬੀਰਬਲ ਧਾਲੀਵਾਲ)
ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੁਗਾਉਣ ਵਿਚ ਯਕੀਨ ਰੱਖਦੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਬੁਢਲਾਡਾ ਹਲਕੇ ਲਈ ਪੰਜਾਬ ਸਰਕਾਰ ਵੱਲੋਂ ਆਈ ਫਾਇਰ ਬ੍ਰਿਗੇਡ ਗੱਡੀ ਮਿਉਂਸਪਲ ਕਮੇਟੀ ਨੂੰ ਸੌਂਪਣ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਵੱਲੋਂ 21 ਜੂਨ 2023 ਨੂੰ ਆਪਣੀ ਬੁਢਲਾਡਾ ਫੇਰੀ ਦੌਰਾਨ ਹਲਕੇ ਲਈ ਫਾਇਰ ਬ੍ਰਿਗੇਡ ਗੱਡੀ ਭੇਜਣ ਦਾ ਐਲਾਨ ਕੀਤਾ ਸੀ। ਅੱਜ ਫਾਇਰ ਬ੍ਰਿਗੇਡ ਗੱਡੀ ਭੇਜ ਕੇ ਉਨ੍ਹਾਂ ਹਲਕੇ ਦੇ ਲੋਕਾਂ ਨਾਲ ਕੀਤਾ ਆਪਣਾ ਵਾਅਦਾ ਪੁਗਾ ਦਿੱਤਾ ਹੈ।
ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਬੁਢਲਾਡਾ ਹਲਕੇ ਦੇ ਲੋਕਾਂ ਦੀ ਖਾਸ ਕਰਕੇ ਆੜ੍ਹਤੀਆ ਵਰਗ ਦੀ ਚਿਰੋਕਣੀ ਮੰਗ ਸੀ ਕਿ ਇਸ ਇਲਾਕੇ ਵਿੱਚ ਫਾਇਰ ਬ੍ਰਿਗੇਡ ਗੱਡੀ ਦੀ ਬਹੁਤ ਲੋੜ ਹੈ। ਉਨਾਂ ਵੱਲੋਂ ਇਸ ਸਬੰਧੀ ਮੁੱਖ ਮੰਤਰੀ ਨਾਲ ਰਾਬਤਾ ਕਾਇਮ ਕੀਤਾ ਹੋਇਆ ਸੀ, ਜਿਸ ਸਦਕਾ ਇਹ ਗੱਡੀ ਬੁਢਲਾਡਾ ਹਲਕੇ ਲਈ ਸਮੇਤ ਸਟਾਫ ਮਿਲੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਹੋਰ ਵਿਕਾਸ ਕਾਰਜਾਂ ਲਈ ਲੋੜੀਂਦੇ ਫੰਡ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਹਨ।
ਪ੍ਰਧਾਨ ਨਗਰ ਕੌਂਸਲ ਬੁਢਲਾਡਾ ਸੁਖਪਾਲ ਸਿੰਘ ਨੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ, ਵਿਧਾਇਕ ਬੁੱਧ ਰਾਮ, ਬਲਕਾਰ ਸਿੰਘ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ। ਇਸ ਮੌਕੇ ਐਸ.ਡੀ.ਐਮ.ਬੁਢਲਾਡਾ ਗਗਨਦੀਪ ਸਿੰਘ, ਐਮ.ਸੀ. ਦਰਸ਼ਨ ਸਿੰਘ ਦਰਸ਼ੀ ਅਤੇ ਮਿਉਂਸਪਲ ਕਮੇਟੀ ਦਾ ਸਮੁੱਚਾ ਸਟਾਫ ਹਾਜ਼ਰ ਸਨ।
