
ਫੱਤਾ ਮਾਲੋਕਾ/ਮਾਨਸਾ, 05 ਨਵੰਬਰ:(ਸਾਰਾ ਯਹਾਂ/ਮੁੱਖ ਸੰਪਾਦਕ ):
ਅਵਤਾਰ ਸਿੰਘ ਵਾਸੀ ਪਿੰਡ ਫੱਤਾ ਮਾਲੋਕਾ ਦੀ ਆਤਮਿਕ ਸ਼ਾਤੀ ਲਈ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਸਮਾਗਮ ਗੁਰਦੁਆਰਾ ਧੰਨ ਧੰਨ ਬਾਬਾ ਅਮਰ ਸਿੰਘ ਕਿਰਤੀ, ਪਿੰਡ ਫੱਤਾ ਮਾਲੋਕਾ ਵਿਖੇ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਬੁਢਲਾਡਾ, ਸਰਦੂਲਗੜ੍ਹ ਤੇ ਮਾਨਸਾ ਸਮੇਤ ਮੁੱਖ ਮੰਤਰੀ ਦੇ ਮਾਤਾ ਸ੍ਰੀਮਤੀ ਹਰਪਾਲ ਕੌਰ, ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਸਮੇਤ ਵੱਖ ਵੱਖ ਆਗੂਆਂ ਨੇ ਅੰਤਿਮ ਅਰਦਾਸ ਸਮਾਗਮ ਵਿੱਚ ਸ਼ਾਮਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰੀ ਬੁੱਧ ਰਾਮ ਨੇ ਕਿਹਾ ਕਿ ਸਵ: ਅਵਤਾਰ ਸਿੰਘ ਦਾ ਵਿਛੋੜਾ ਪਰਿਵਾਰ, ਰਿਸ਼ਤੇਦਾਰਾਂ, ਸਨੇਹੀਆਂ ਲਈ ਦੁਖਦਾਈ, ਅਸਹਿ ਅਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪਰਿਵਾਰਕ ਆਗੂ ਦਾ ਇਸ ਤਰ੍ਹਾਂ ਚਲੇ ਜਾਣਾ ਪਰਿਵਾਰ ਲਈ ਅਸਹਿ ਹੈ ਅਤੇ ਉਹ ਇਸ ਦੁੱਖ ਦੀ ਘੜੀ ਵਿੱਚ ਸਵ. ਅਵਤਾਰ ਸਿੰਘ ਦੇ ਪਿਤਾ ਸ੍ਰ ਗੁਰਚਰਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਉਹ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਨ ਕਿ ਵਿਛੜੀ ਰੂਹ ਦੀ ਆਤਮਾ ਨੂੰ ਸ਼ਾਤੀ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ।
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਵੱਲੋਂ ਉਨ੍ਹਾਂ ਦੇ ਮਾਤਾ ਸ੍ਰੀਮਤੀ ਹਰਪਾਲ ਕੌਰ, ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਉਨ੍ਹਾਂ ਦੀ ਭੈਣ ਜੀ ਮਨਪ੍ਰੀਤ ਕੌਰ ਨੇ ਜਿੱਥੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਉਨ੍ਹਾਂ ਨਾਲ ਅਫਸੋਸ ਪ੍ਰਗਟ ਕੀਤਾ ਉੱਥੇ ਹੀ ਹੌਂਸਲਾ ਬਣਾਈ ਰੱਖਣ ਦੀ ਹਿੰਮਤ ਵੀ ਦਿੱਤੀ। ਉਨ੍ਹਾਂ ਕਿਹਾ ਕਿ ਅੰਤਿਮ ਅਰਦਾਸ ਮੌਕੇ ਭਾਰੀ ਗਿਣਤੀ ਵਿਚ ਪਹੁੰਚੀ ਸੰਗਤ ਸਵ: ਅਵਤਾਰ ਸਿੰਘ ਦੇ ਚੰਗੇ ਮਿਲਵਰਤਣ ਅਤੇ ਵਤੀਰੇ ਨੂੰ ਦਰਸਾਉਂਦਾ ਹੈ।
ਇਸ ਤੋਂ ਪਹਿਲਾਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਡਾ. ਵਿਜੈ ਸਿੰਗਲਾ ਨੇ ਪਰਿਵਾਰ ਨੂੰ ਹੌਂਸਲਾ ਦਿੰਦਿਆਂ ਕਿਹਾ ਕਿ ਅਸੀਂ ਸਾਰੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਸਵ. ਅਵਤਾਰ ਸਿੰਘ ਦੀ ਆਤਮਾ ਨੂੰ ਆਪਣੇ ਚਰਨਾ ਵਿਚ ਵਿਲੀਨ ਕਰੇ ਅਤੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਨੂੰ ਸਹਿਣ ਕਰਨ ਦੀ ਹਿੰਮਤ ਬਖ਼ਸ਼ੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ, ਐਸ.ਡੀ.ਐਮ. ਸਰਦੂਲਗੜ੍ਹ ਵਾਧੂ ਚਾਰਜ ਮਾਨਸਾ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ, ਓ.ਐਸ.ਡੀ. ਟੂ ਮੁੱਖ ਮੰਤਰੀ ਪੰਜਾਬ ਸ੍ਰ ਰਾਜਵੀਰ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਸੰਗਰੂਰ ਅਵਤਾਰ ਸਿੰਘ ਈਲਵਾਲ, ਚੇਅਰਮੈਨ ਮਾਰਕਿਟ ਕਮੇਟੀ ਮਾਨਸਾ ਗੁਰਪ੍ਰੀਤ ਸਿੰਘ ਭੁੱਚਰ, ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਸਿੰਘ ਭੁੱਲਰ ਮੌਜੂਦ ਸਨ।
