
ਬੁਢਲਾਡਾ 3ਮਈ (ਸਾਰਾ ਯਹਾਂ/ ਅਮਨ ਮਹਿਤਾ) : ਵਿਦੇਸ਼ ਜਾਣ ਦੇ ਸੁਪਨਾ ਸੀ ਨੌਜ਼ਵਾਨ ਦਾ ਪਰ ਕਰਜੇ ਦੀ ਪੰਡ ਨੇ ਉਸਦੀ ਮੌਤ ਹੀ ਲੈ ਲਈ। ਪਰਿਵਾਰ ਉੱਪਰ ਲੱਖਾਂ ਰੁਪਏ ਨਾਲ ਕਰਜਾਈ ਹੋਏ ਬੇਰੁਜਗਾਰ ਨੌਜ਼ਵਾਨ ਵੱਲੋਂ ਜਹਿਰੀਲ ਚੀਜ ਖਾ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਕੁਲਾਣੇ ਦਾ ਰਹਿਣ ਵਾਲਾ ਜੀਵਨ ਸਿੰਘ ਬੱਬੀ (22) ਪੁੱਤਰ ਜਗਸੀਰ ਸਿੰਘ ਜੋ ਬੀ.ਏ. ਦੀ ਪੜ੍ਹਾਈ ਉਪਰੰਤ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਪੀ.ਟੀ.ਈ. ਦਾ ਕੋਰਸ ਕਰ ਰਿਹਾ ਸੀ। ਪਰ ਪਰਿਵਾਰ ਕੋਲ 1.5 ਏਕੜ ਜਮੀਨ ਹੋਣ ਕਾਰਨ ਕਰਜੇ ਦੀ ਪੰਡ ਕਾਫੀ ਭਾਰੀ ਪੈ ਰਹੀ ਸੀ। ਜਿਸ ਕਾਰਨ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ। ਅਕਸਰ ਹੀ ਉਹ ਆਪਣੇ ਦੋਸਤਾਂ ਨੂੰ ਕਹਿੰਦਾ ਸੀ ਕਿ ਪਰਿਵਾਰ ਚ ਗਰੀਬੀ ਕਾਰਨ ਨਾ ਹੀ ਉਸਦਾ ਵਿਆਹ ਹੋਣਾ ਹੈ ਅਤੇ ਨਾ ਹੀ ਰੁਜਗਾਰ ਮਿਲਣਾ ਹੈ ਕਰਜੇ ਦੀ ਪੰਡ ਲਾਉਣੀ ਔਖੀ ਜਾਪਦੀ ਹੈ। ਜਿਸ ਨੇ ਅੱਜ ਸਵੇਰੇ ਆਪਣੇ ਘਰ ਹੀ ਜਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਪਰਿਵਾਰ ਉੱਪਰ ਕਰਜਾ ਲੈਂਡਮਾਰਗੇਜ ਬੈਂਕ ਦਾ ਕਰੀਬ 4.5 ਲੱਖ ਰੁਪਏ ਅਤੇ 50 ਹਜਾਰ ਕੋਆਪ੍ਰੇਟਿਵ ਸੁਸਾਇਟੀ ਅਤੇ ਆੜ੍ਹਤੀਆਂ ਦਾ ਕਰੀਬ 1.5 ਲੱਖ ਦਾ ਕਰਜਾ ਸੀ। ਪੁਲਿਸ ਦੇ ਸਹਾਇਕ ਥਾਣੇਦਾਰ ਦਲਜੀਤ ਸਿੰਘ ਮ੍ਰਿਤਕ ਦੇ ਪਿਤਾ ਜਗਸੀਰ ਸਿੰਘ ਦੇ ਬਿਆਨ ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਪੋਸ਼ਟ ਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ।

