
ਮਾਨਸਾ, 08 ਸਤੰਬਰ : (ਸਾਰਾ ਯਹਾਂ/ਮੁੱਖ ਸੰਪਾਦਕ ):
ਕੇਂਦਰੀ ਮੰਤਰਾਲੇ ਵੱਲੋਂ ਵਿਦੇਸ਼ਾਂ ਵਿਚੋਂ ਪਰਵਾਸੀ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਮੰਗਵਾਉਣ ਸਬੰਧੀ e-CARe ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਅਜਿਹੇ ਮਾਮਲਿਆਂ ਵਿਚ ਬੇਨਤੀਕਾਰ ਸਿੱਧੇ ਹੀ ਪੋਰਟਲ https://ecare.mohfw.gov.in/ ’ਤੇ ਆਪਣੀਆਂ ਪ੍ਰਤੀਬੇਨਤੀਆਂ ਦੇ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪਰਵਾਸੀ ਭਾਰਤੀ ਮਾਮਲੇ ਵਿਭਾਗ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਇਸ ਪੋਰਟਲ ਸਬੰਧੀ ਜਾਣੂ ਕਰਵਾਉਣ ਲਈ ਪੱਤਰ ਵੀ ਜਾਰੀ ਕੀਤਾ ਗਿਆ ਹੈ ਤਾਂ ਜੋ ਅਜਿਹੇ ਕੇਸਾਂ ਦੌਰਾਨ ਲੋਕ ਆਪਣੀ ਬੇਨਤੀ ਪੋਰਟਲ ’ਤੇ ਪਾ ਸਕਣ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ਦਾ ਮਕਸਦ ਵਿਦੇਸ਼ਾਂ ਵਿਚ ਮੌਤ ਹੋ ਜਾਣ ਦੀ ਸੂਰਤ ਵਿਚ ਭਾਰਤੀਆਂ ਦੀ ਮ੍ਰਿਤਕ ਦੇਹ ਨੂੰ ਸੁਚੱਜੀ ਪ੍ਰਕਿਰਿਆ ਰਾਹੀਂ ਬਿਨਾਂ ਕਿਸੇ ਰੁਕਾਵਟ ਅਤੇ ਦੇਰੀ ਤੋਂ ਆਪਣੇ ਵਤਨ ਲਿਆਉਣਾ ਹੈ।
