ਬਠਿੰਡਾ 13 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਜਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਚ ਸਮੂਹਿਕ ਕਾਊਂਸਲਿੰਗ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਜਿਸ ਤਹਿਤ ਜਿਲ੍ਹੇ ਦੇ ਵੱਖ-ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿਖੇ ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ੍ਰੀ ਸਿਵਪਾਲ ਗੋਇਲ ਅਤੇ ਜਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਦੇ ਡਿਪਟੀ ਡਾਇਰੈਕਟਰ ਮੈਡਮ ਪਰਮਿੰਦਰ ਕੌਰ , ਡਿਪਟੀ ਡੀਈਓ ਸ੍ਰ. ਸਿਕੰਦਰ ਸਿੰਘ ਬਰਾੜ੍ਹ, ਜਿਲ੍ਹਾ ਗਾਈਡੈਂਸ ਕੌਂਸਲਰ ਸ੍ਰ. ਰਾਜਵੀਰ ਸਿੰਘ ਔਲਖ ਦੀ ਯੋਗ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਕਿੱਤਾ ਅਗਵਾਈ ਦੇਣ ਲਈ ਸਮੂਹਿਕ ਕੌਂਸਲਿੰਗ ਪ੍ਰੋਗਰਾਮ ਜਾਰੀ ਰੱਖਿਆ ਹੋਇਆ ਹੈ। ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸਿਵਪਾਲ ਗੋਇਲ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੇ ਕੋਰਸਾਂ, ਕਿੱਤਿਆਂ ਬਾਰੇ ਵਿਸਥਾਰਤ ਜਾਣਕਾਰੀ ਦੇਣ ਦੇ ਨਾਲ-ਨਾਲ ਬੱਚਿਆਂ ਦੀਆਂ ਰੁਚੀਆਂ, ਯੋਗਤਾਵਾਂ ਨੂੰ ਮੁੱਖ ਰੱਖਦੇ ਵਿਸ਼ਾ ਮਾਹਿਰਾਂ ਵੱਲੋਂ ਅਗਵਾਈ ਪ੍ਰਦਾਨ ਕੀਤੀ ਜਾਂਦੀ ਹੈ। ਜਿਲ੍ਹਾ ਬਠਿੰੰਡਾ ‘ਚ ਰੋਜਗਾਰ ਦਫ਼ਤਰ, ਸਿੱਖਿਆ ਵਿਭਾਗ ਅਤੇ ਵੱਖ-ਵੱਖ ਸਹਿਯੋਗੀ ਵਿਭਾਗਾਂ ਦੇ ਵਿਸ਼ਾ ਮਾਹਿਰਾਂ ਦੀ ਸਹਾਇਤਾ ਨਾਲ ਜਿਲ੍ਹੇ ਵਿੱਚ ਇਹ ਕਿੱਤਾ ਅਗਵਾਈ ਅਭਿਆਨ ਚਲਾਇਆ ਜਾ ਰਿਹਾ ਹੈ। ਡੀਈਓ ਸਿਵਪਾਲ ਗੋਇਲ ਨੇ ਅੱਗੇ ਦੱਸਿਆ ਕਿ ਸਕੂਲਾਂ ਚ ਬੱਚਿਆਂ ਨੂੰ ਨਿਰੰਤਰ ਕਿੱਤਾ ਅਗਵਾਈ ਦੇਣ ਲਈ ਜਿਲ੍ਹਾ ਗਾਈਡੈਂਸ ਕੌਂਸਲਰ ਰਾਜਵੀਰ ਸਿੰਘ ਦੀ ਅਗਵਾਈ ਚ ਸਕੂਲ ਕੌਂਸਲਰ ਸਮੇਤ ਬਲਾਕਾਂ ਚ ਵੀ ਬਲਾਕ ਕੌਂਸਲਰ ਵਿਭਾਗ ਵੱਲੋਂ ਕਾਰਜਸ਼ੀਲ ਹਨ, ਇਨ੍ਹਾਂ ਬਲਾਕ ਕੌਸਲਰਾਂ ਵਿੱਚ ਡਾ. ਸੁਖਦੀਪ ਕੌਰ, ਬਲਰਾਜ ਸਿੰਘ ਸਰਾਂ, ਕੁਲਵਿੰਦਰ ਸਿੰਘ ਸਹਾਰਨ , ਲਵਜੀਤ ਸਿੰਘ ਅਤੇ ਰਾਜੀਵ ਗੋਇਲ ਆਪਣੇ -ਆਪਣੇ ਬਲਾਕਾਂ ‘ਚ ਵੀ ਕਰੀਅਰ ਗਾਈਡੈਂਸ ਦੀਆਂ ਸੇਵਾਵਾਂ ਨਿਭਾਉਂਦੇ ਹਨ। ਸਿਵਪਾਲ ਗੋਇਲ ਨੇ ਦੱਸਿਆ ਕਿ ਜੇਕਰ ਵਿਦਿਆਰਥੀ ਜੀਵਨ ਵਿੱਚ ਹੀ ਸਹੀ ਕੋਰਸ,ਕਿੱਤਾ ਦੀ ਚੋਣ ਕਰ ਲਈ ਜਾਵੇ ਤਾਂ ਆਉਣ ਵਾਲੇ ਸਮੇਂ ‘ਚ ਬਹੁਤ ਜਿਆਦਾ ਊਰਜਾ, ਪੈਸਾ, ਸਮੇਂ ਦੀ ਬਰਬਾਦੀ ਤੋਂ ਬਚਿਆ ਜਾ ਸਕਦਾ ਹੈ । ਉਹਨਾਂ ਨੇ ਜਿਲ੍ਹਾ ਰੋਜ਼ਗਾਰ ਦਫ਼ਤਰ, ਸਿੱਖਿਆ ਵਿਭਾਗ ਅਤੇ ਹੋਰ ਵਿਭਾਗਾਂ ਦੇ ਕਰਮਚਾਰੀਆਂ ਦੁਆਰਾ ਇਕੱਠੇ ਹੋ ਕੇ ਵਿਦਿਆਰਥੀਆਂ ਨੂੰ ਕੋਰਸਾਂ ,ਕਿੱਤਿਆਂ ਸੰਬੰਧੀ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।