
ਚੰਡੀਗੜ 2 ਅਪ੍ਰੈਲ (ਸਾਰਾ ਯਹਾਂ /ਮੁੱਖ ਸੰਪਾਦਕ) ਕੋਵਿਡ-19 ਦੇ ਕਾਰਨ ਸਕੂਲ ਦੇ ਘੱਟ ਸਮਾਂ ਖੁਲਣ ਦੇ ਨਤੀਜੇ ਵਜੋਂ ਵਿਦਿਆਰਥੀਆਂ ਦੀ ਪੜਾਈ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਵੱਖ ਵੱਖ ਉਪਰਾਲਿਆਂ ਅਤੇ ਗੁਣਾਤਮਿਕ ਸਿੱਖਿਆ ਮੁਹਈਆ ਕਰਵਾਉਣ ਵਾਸਤੇ ਸਕੂਲ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਨੂੰ ਤਕਰੀਬਨ ਸੱਤ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਫੈਸਲਾ ਕੀਤਾ ਹੈ।ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੇ ਨਿਰਦੇਸ਼ ’ਤੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਤਕਰੀਬਨ 6, 97, 01,00 ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਫੰਡ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਦੀ ਸਿੱਖਣ ਦੀ ਸਮਰੱਥਾ ਵਧਾਉਣ ਲਈ ਵਰਤੇ ਜਾਣਗੇ।ਬੁਲਾਰੇ ਅਨੁਸਾਰ ਕੋਵਿਡ-19 ਦੇ ਕਾਰਨ ਪਿਛਲੇ ਅਕਾਦਮਿਕ ਸੈਸ਼ਨ ਦੌਰਾਨ ਸਕੂਲ ਬਹੁਤ ਘੱਟ ਸਮਾਂ ਖੁਲੇ ਹਨ। ਇਸ ਦੇ ਕਾਰਨ ਵੱਖ ਵੱਖ ਵਿਸ਼ਿਆਂ ਨੂੰ ਸਿੱਖਣ ਵਿਚਲੇ ਪਾੜੇ ਦੀ ਸ਼ਨਾਖਤ ਕੀਤੀ ਗਈ ਹੈ। ਇਸ ਪਾੜੇ ਨੂੰ ਪੂਰਨ ਵਾਸਤੇ ਲਰਨਿੰਗ ਇਨਹਾਂਸਮੈਂਟ ਪ੍ਰੋਗਰਾਮ (ਸੈਕੰਡਰੀ) ਆਧਾਰਤ ਹਿਸਾਬ, ਸਾਇੰਸ, ਪੰਜਾਬੀ, ਅੰਗਰੇਜ਼ੀ, ਹਿੰਦੀ ਅਤੇ ਸਮਾਜਿਕ ਵਿਗਿਆਨ ਦੇ ਵਿਸ਼ਿਆਂ ਵਿੱਚ ਵਿਦਿਆਰਥੀਆਂ ਦੀ ਸਮਰੱਥਾ ਵਧਾਉਣ (ਰੀਜਿਲਿਐਂਸ ਪ੍ਰੋਗਰਾਮ) ਵਾਸਤੇ ਸਪਲੀਮੈਂਟਰੀ ਸਮੱਗਰੀ/ਪ੍ਰੈਕਟੀਕਲ ਅਤੇ ਵੱਖ ਵੱਖ ਗਤੀਵਿਧੀਆਂ ਕਰਵਾਉਣ ਲਈ ਫੰਡ ਜਾਰੀ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਹ ਫੰੰਡ ਵੱਖ ਵੱਖ ਜਮਾਤਾਂ ਲਈ ਵਰਤੇ ਜਾਣਗੇ।ਇਨਾਂ ਫੰਡਾਂ ਦੇ ਨਾਲ ਵਿਦਿਆਰਥੀਆਂ ਦੇ ਸਿੱਖਣ ਦਾ ਪਾੜਾ ਪੂਰਾ ਕਰਨ ਲਈ ਅਸਾਇਨਮੈਂਟਾਂ ਦੀਆਂ ਕਾਪੀਆਂ ਭੇਜੀਆਂ ਜਾਣਗੀਆਂ। ਹਿਸਾਬ, ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਬਾਰੇ ਰੋਜ਼ਾਨਾ, ਵਿਗਿਆਨ ਲਈ ਹਫਤੇ ਵਿੱਚ ਤਿੰਨ ਦਿਨ ਅਤੇ ਹਿੰਦੀ ਤੇ ਪੰਜਾਬੀ ਲਈ ਹਫਤੇ ਵਿੱਚ ਦੋ ਦਿਨ ਅਸਾਈਨਮੈਂਟਾਂ ਭੇਜੀਆਂ ਜਾਣਗੀਆਂ। ਇਸ ਤੋਂ ਇਲਾਵਾ ਸਿੱਖਣ ਦਾ ਪਾੜਾ ਪੂਰਨ ਲਈ ਰਾਸ਼ਟਰੀ ਅਚੀਵਮੈਂਟ ਸਰਵੇ (ਐਨ.ਏ.ਐਸ.) ਦੀ ਤਿਆਰੀ ਵਾਸਤੇ ਵਿਸ਼ਾ ਅਧਿਆਪਕ, ਵਿਦਿਆਰਥੀਆਂ ਲਈ ਅਸਾਇਨਮੈਂਟਾਂ ਵਾਸਤੇ ਵੀ ਫੰਡ ਵਰਤੇ ਜਾ ਸਕਣਗੇ। ਇਹ ਫੰਡ ਬਾਰਵੀਂ ਜਮਾਤ ਦੇ ਆਰਟਸ ਗਰੁੱਪ ਦੇ ਵਿਦਿਆਰਥੀਆਂ ਦੀਆਂ ਮੈਪ ਐਕਟੀਵਿਟੀ ਤੇ ਪੋਲਿਟੀਕਲ ਸਾਇੰਸ/ਹਿਸਟਰੀ ਦੀਆਂ ਅਸਾਇਨਮੈਂਟਾਂ ਲਈ ਵੀ ਵਰਤੇ ਜਾ ਸਕਣਗੇ।————
