ਮਾਨਸਾ 4 ਅਗਸਤ (ਸਾਰਾ ਯਹਾ,ਜੋਨੀ ਜਿੰਦਲ) : ਸਿੱਖਿਆ ਵਿਭਾਗ ਵੱਲ੍ਹੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਗੁਣਵੱਤਾ ਨੂੰ ਉਤਸ਼ਾਹਤ ਕਰਨ ਲਈ ਕਰਵਾਏ ਜਾਣ ਵਾਲੇ ” ਪੰਜਾਬ ਅਚੀਵਮੈਂਟ ਸਰਵੇ ” (ਪੀ ਏ ਐੱਸ)ਲਈ ਪੰਜਾਬ ਭਰ ਦੇ ਅਧਿਆਪਕ ਇਸ ਦੀਆਂ ਤਿਆਰੀਆਂ ਲਈ ਜੁੱਟ ਗਏ ਹਨ,ਬੇਸ਼ੱਕ ਇਹ ਸਰਵੇ ਨੈਸ਼ਨਲ ਅਚੀਵਮੈਂਟ ਸਰਵੇ ( ਐੱਨ ਏ ਐੱਸ ) ਦੀ ਤਿਆਰੀ ਦੇ ਮੱਦੇਨਜ਼ਰ ਕਰਵਾਇਆ ਜਾ ਰਿਹਾ ਹੈ,ਪਰ ਅਧਿਆਪਕਾਂ ਦਾ ਮੰਨਣਾਂ ਹੈ ਕਿ ਵਿਭਾਗ ਵੱਲ੍ਹੋਂ ਜਿਸ ਗੰਭੀਰਤਾ ਨਾਲ ਵਿਦਿਆਰਥੀਆਂ ਦੀ ਤਿਆਰੀ ਕਰਵਾਈ ਜਾਵੇਗੀ ,ਉਸ ਨਾਲ ਭਵਿੱਖ ਵਿੱਚ ਵੀ ਇਸ ਦੇ ਸਾਰਥਿਕ ਸਿੱਟੇ ਸਾਹਮਣੇ ਆਉਣਗੇ ।
ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਖੁਦ ਇਸ ਮਿਸ਼ਨ ਦੀ ਦੇਖ ਰੇਖ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਕਿ ਬੇਸ਼ੱਕ ਨੈਸ਼ਨਲ ਅਚੀਵਮੈਂਟ ਸਰਵੇ ( ਐੱਨ ਏ ਐੱਸ ) ਤਹਿਤ ਹਰ ਜ਼ਿਲ੍ਹੇ ਦੇ ਗਿਣਵੇਂ ਚੁਣਵੇਂ ਵਿਦਿਆਰਥੀਆਂ ਦਾ ਹੋਵੇਗਾ, ਪਰ ਪੰਜਾਬੀ ਅਚੀਵਮੈਂਟ ਸਰਵੇ ਜਿਸ ਦੌਰਾਨ ਹਰ ਵਿਦਿਆਰਥੀ ਦਾ ਸਰਵੇ ਹੋਵੇਗਾ, ਇਸ ਨਾਲ ਜਿਥੇਂ ਹਰ ਅਧਿਆਪਕ ਇਸ ਮਿਸ਼ਨ ਦੀ ਪ੍ਰਾਪਤੀ ਲਈ ਹਰ ਵਿਦਿਆਰਥੀ ਦੀ ਤਿਆਰੀ ਕਰਵਾਏਗਾ,ਜਿਸ ਨਾਲ ਹਰ ਵਿਦਿਆਰਥੀ ਦੀ ਅਪਣੇ ਹਰ ਵਿਸ਼ੇ ਪ੍ਰਤੀ ਪਰਪੱਕਤਾ ਹੋਵੇਗੀ, ਜਿਸ ਨਾਲ ਹਰ ਵਿਦਿਆਰਥੀ ਦੀ ਕਾਬਲੀਅਤ ਵਧੇਗੀ।
ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਹੈ ਕਿ ਸਰਵੇਖਣ ਦੀ ਤਿਆਰੀ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵੱਲੋਂ ‘ਪੰਜਾਬ ਪ੍ਰਾਪਤੀ ਸਰਵੇਖਣ’ (ਪੰਜਾਬ ਅਚੀਵਮੈਂਟ ਸਰਵੇ) ਦੀ ਤਿਆਰੀ ਲਈ ਡੀ.ਪੀ.ਆਈਜ਼., ਨੋਡਲ ਅਫਸਰਾਂ, ਜਿਲ੍ਹਾ ਸਿੱਖਿਆ ਅਫਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਤੇ ਹੋਰਨਾਂ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਆਨਲਾਈਨ ਮੀਟਿੰਗ ਕੀਤੀਆ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਰਵੇ ਦੀ ਸ਼ੁਰੂਆਤ ਅਗਸਤ ਮਹੀਨੇ ‘ਚ ਹੋਣ ਵਾਲੇ ਪ੍ਰਸ਼ਨੋਤਰੀ ਨਾਲ ਹੋਵੇਗੀ ਅਤੇ ਇਸ ਤੋਂ ਪੰਦਰਾਂ ਦਿਨ ਬਾਅਦ ਫਿਰ ਸਰਵੇਖਣ ਸਬੰਧੀ ਪ੍ਰਸ਼ਨੋਤਰੀ (ਕੁਇਜ਼) ਹੋਵੇਗੀ। ਸਤੰਬਰ ਮਹੀਨੇ ‘ਚ ਬੱਚਿਆਂ ਦਾ ਪਹਿਲਾ ਮੌਕ ਟੈਸਟ ਹੋਵੇਗਾ, ਦੂਸਰਾ ਮੌਕ ਟੈਸਟ ਅਕਤੂਬਰ ਤੇ ਤੀਸਰਾ ਟੈਸਟ ਨਵੰਬਰ ਮਹੀਨੇ ‘ਚ ਮੁਕੰਮਲ ਕੀਤਾ ਜਾਵੇਗਾ। ਇਸ ਸਰਵੇਖਣ ਲਈ ਕੋਈ ਅਲੱਗ ਪਾਠਕ੍ਰਮ ਨਹੀਂ ਹੋਵੇਗਾ ਅਤੇ ਇਹ ਪਹਿਲਾ ਤੋਂ ਪੜ੍ਹ ਰਹੇ ਵਿਸ਼ਿਆ ਦੇ ਪਾਠਕ੍ਰਮ ‘ਤੇ ਅਧਾਰਤ ਹੀ ਹੋਵੇਗਾ।ਇਸ ਸਰਵੇਖਣ ਲਈ ਜਮਾਤਵਾਰ ਵਿਸ਼ਿਆ ਦੀ ਚੋਣ ਕੀਤੀ ਗਈ ਹੈ, ਜਿਸ ਤਹਿਤ ਪ੍ਰਾਇਮਰੀ ਜਮਾਤਾਂ ਦੇ ਸਾਰੇ ਵਿਸ਼ੇ, ਛੇਵੀਂ ਤੋਂ ਦਸਵੀਂ ਤੱਕ ਦੇ 4 ਵਿਸ਼ਿਆਂ (ਅੰਗਰੇਜ਼ੀ, ਗਣਿਤ, ਵਿਗਿਆਨ ਤੇ ਸਮਾਜਿਕ ਸਿੱਖਿਆ) ਅਤੇ 11 ਤੇ 12ਵੀਂ ਜਮਾਤ ਦੇ ਕੁਝ ਚੋਣਵੇਂ ਵਿਸ਼ਿਆਂ ‘ਤੇ ਅਧਾਰਤ ਇਹ ਸਰਵੇ ਕਰਵਾਇਆ ਜਾਵੇਗਾ।
ਇਸ ਮਿਸ਼ਨ ਦੀ ਪ੍ਰਾਪਤੀ ਲਈ ਰਾਜ ਭਰ ਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਅੈਲੀਮੈਂਟਰੀ,ਬਲਾਕ ਸਿੱਖਿਆ ਅਫਸਰ, ਸਿੱਖਿਆ ਸੁਧਾਰ ਟੀਮਾਂ, ਜਿਲ੍ਹਾ ਤੇ ਬਲਾਕ ਮੈਂਟਰ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ, ਸਕੂਲ ਮੁਖੀ ਤੇ ਅਧਿਆਪਕਾਂ ਪੂਰੀ ਤਰ੍ਹਾਂ ਜੁੱਟ ਗਏ ਹਨ, ਅਧਿਆਪਕਾਂ ਵੱਲ੍ਹੋਂ ਇਸ ਸਰਵੇ ਦੀ ਜਾਗਰੂਕਤਾ ਅਤੇ ਉਤਸ਼ਾਹ ਵਧਾਉਣ ਲਈ ਵੱਖ ਵੱਖ ਤਰ੍ਹਾਂ ਦੀਆਂ ਰੋਚਕ ਵੀਡੀਓਜ਼ ਅਤੇ ਪੋਸਟਰ ਗਰੁੱਪਾਂ ਤੇ ਪਾ ਰਹੇ ਹਨ ।
ਸਰਵੇਖਣ ਸਬੰਧੀ ਸਾਰੇ ਜ਼ਿਲ੍ਹਿਆਂ ਵਿੱਚ ਜਿਲ੍ਹਾ ਤੇ ਬਲਾਕ ਮੈਂਟਰ ਅਧਿਆਪਕਾਂ ਨੂੰ ਸਿਖਲਾਈ ਦੇਣਗੇ ਅਤੇ ਅਧਿਆਪਕ ਦੁਆਰਾ ਅੱਗੇ ਬੱਚਿਆਂ ਨੂੰ ਇਸ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਭਾਗ ਲੈਣ ਲਈ ਉਤਸ਼ਾਹਤ ਕੀਤਾ ਜਾਵੇਗਾ।ਸਰਵੇਖਣ ਦੀ ਤਿਆਰੀ ਲਈ ਨਮੂਨੇ ਵਜੋਂ ਪ੍ਰਸ਼ਨੋਤਰੀ ਸਬੰਧੀ ਸਹਾਇਕ ਸਮੱਗਰੀ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਬੱਚਿਆਂ ਤੇ ਮਾਪਿਆਂ ਨੂੰ ਇਸ ਸਰਵੇਖਣ ਸਬੰਧੀ ਵੱਖ-ਵੱਖ ਸਾਧਨਾਂ ਰਾਹੀਂ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇਗਾ। ਇਸ ਸਰਵੇਖਣ ਦਾ ਮੁੱਖ ਮੰਤਵ ਵਿਭਾਗ ਵੱਲੋਂ ਆਪਣੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਹਰ ਪੱਖੋਂ ਕੇਂਦਰ ਸਰਕਾਰ ਵੱਲੋਂ ਕਰਵਾਏ ਜਾਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇਖਣ ਦੀ ਤਿਆਰ ਕਰਨਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਇਸ ਦਾ ਦੂਹਰਾ ਲਾਭ ਹੋ ਸਕੇ,ਉਹ ਨੈਸ਼ਨਲ ਸਰਵੇ ਲਈ ਵੀ ਤਿਆਰ ਹੋ ਸਕਣ ਅਤੇ ਇਸ ਸਰਵੇ ਦੀ ਤਿਆਰੀ ਉਨ੍ਹਾਂ ਲਈ ਭਵਿੱਖ ਚ ਵੀ ਲਾਹੇਵੰਦ ਸਿੱਧ ਹੋ ਸਕੇ।