*ਵਿਜੀਲੈਂਸ ਵੱਲੋਂ RTA ਦਫ਼ਤਰ ‘ਚ ਵੱਡੇ ਘਪਲੇ ਦਾ ਪਰਦਾਫਾਸ਼, ਲੇਖਾਕਾਰ ਤੇ ਉਸ ਦਾ ਸਾਥੀ ਰਿਸ਼ਵਤ ਲੈਂਦਿਆਂ ਕਾਬੂ*

0
118

(ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁਧ ਚਲਾਈ ਮੁਹਿੰਮ ਦੌਰਾਨ ਮੰਗਲਵਾਰ ਨੂੰ ਰਿਜਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਬਠਿੰਡਾ ਦੇ ਦਫ਼ਤਰ ਵਿਚ ਇਕ ਵੱਡੇ ਘਪਲੇ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿਸ ਵਿਚ ਵਪਾਰਕ ਵਾਹਨਾਂ ਦੇ ਦਸਤਾਵੇਜ਼ ਲੈਣ ਅਤੇ ਪਾਸਿੰਗ ਨਾਲ ਸਬੰਧਤ ਫਾਈਲਾਂ ਨੂੰ ਮਨਜ਼ੂਰ ਕਰਨ ਲਈ ਏਜੰਟਾਂ ਤੇ ਲੋਕਾਂ ਤੋਂ ਲੱਖਾਂ ਰੁਪਏ ਦੀ ਵਸੂਲੀ ਕੀਤੀ ਜਾ ਰਹੀ ਸੀ।

ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਆਰ.ਟੀ.ਏ. ਬਠਿੰਡਾ ਦੇ ਲੇਖਾਕਾਰ ਦਿਨੇਸ਼ ਕੁਮਾਰ ਅਤੇ ਉਸ ਦੇ ਪ੍ਰਾਈਵੇਟ ਸਾਥੀ ਰਾਜੂ ਸਿੰਘ ਰਾਜੀ ਨੂੰ 1,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਉਕਤ ਦੋਸ਼ੀਆਂ ਨੂੰ ਹਰਪ੍ਰੀਤ ਸਿੰਘ ਵਾਸੀ ਬਠਿੰਡਾ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਪਰੋਕਤ ਮੁਲਜ਼ਮਾਂ ਨੇ ਆਰ.ਟੀ.ਏ. ਦਫ਼ਤਰ ਵਿਚ ਵੱਖ-ਵੱਖ ਵਾਹਨਾਂ ਨਾਲ ਸਬੰਧਤ ਫਾਈਲਾਂ/ਦਸਤਾਵੇਜ਼ਾਂ ਆਦਿ ਨੂੰ ਪ੍ਰਾਪਤ ਕਰਨ ਤੇ ਨਵਿਆਉਣ ਲਈ ਉਸ ਦੀਆਂ 10 ਫਾਈਲਾਂ ਨੂੰ ਕਲੀਅਰ ਜਾਂ ਐਂਡੋਰਸ ਕਰਨ ਲਈ 1,000 ਰੁਪਏ ਰਿਸ਼ਵਤ ਵਜੋਂ ਮੰਗੇ ਹਨ।

ਸ਼ਿਕਾਇਤਕਰਤਾ ਨੇ ਅੱਗੇ ਦਸਿਆ ਕਿ ਆਰ.ਟੀ.ਏ. ਦਫ਼ਤਰ ਦੇ ਕਰਮਚਾਰੀ ਫਾਈਲਾਂ ਨੂੰ ਮਨਜ਼ੂਰੀ ਦੇਣ ਜਾਂ ਕਲੀਅਰ ਕਰਨ ਲਈ 100 ਰੁਪਏ ਪ੍ਰਤੀ ਫਾਈਲ ਦੀ ਮੰਗ ਕਰ ਰਹੇ ਹਨ ਅਤੇ ਇਸ ਦਫ਼ਤਰ ਵਿਚ ਆਮ ਲੋਕਾਂ ਅਤੇ ਵੱਖ-ਵੱਖ ਏਜੰਟਾਂ ਵਲੋਂ ਰੋਜ਼ਾਨਾ 100 ਦੇ ਕਰੀਬ ਫਾਈਲਾਂ ਜਮ੍ਹਾਂ ਕਰਵਾਈਆਂ ਜਾਂਦੀਆਂ ਹਨ ਅਤੇ ਇਸ ਤਰਾਂ ਉਹ ਮੋਟੀਆਂ ਰਿਸ਼ਵਤਾਂ ਦੀ ਵਸੂਲੀ ਕਰਦੇ ਹੋਏ ਹਰ ਮਹੀਨੇ ਦਸਤਾਵੇਜ਼ ਲੈਣ ਬਦਲੇ ਲੱਖਾਂ ਰੁਪਏ ਵਸੂਲ ਰਹੇ ਸਨ।ਬੁਲਾਰੇ ਨੇ ਦਸਿਆ ਕਿ ਇਸ ਸ਼ਿਕਾਇਤ ਦੀ ਮੁਢਲੀ ਜਾਂਚ ਤੋਂ ਬਾਅਦ ਬਠਿੰਡਾ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਹੈ ਅਤੇ ਉਕਤ ਦੋਵਾਂ ਮੁਲਜ਼ਮਾਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 1000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਦੋਵਾਂ ਮੁਲਜ਼ਮਾਂ ਵਿਰੁਧ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿਚ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਜਾਂਚ ਦੌਰਾਨ ਇਸ ਦਫ਼ਤਰ ਦੇ ਹੋਰ ਅਧਿਕਾਰੀਆਂ/ਕਰਮਚਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ।

LEAVE A REPLY

Please enter your comment!
Please enter your name here