
ਚੰਡੀਗੜ੍ਹ, 14 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਗ੍ਰਾਮ ਪੰਚਾਇਤ ਹਵਾਰਾ, ਬਲਾਕ ਖਮਾਣੋਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਪੰਚਾਇਤ ਸਕੱਤਰ ਰਜਿੰਦਰ ਸਿੰਘ ਨੂੰ 37,55,000 ਰੁਪਏ ਦੇ ਫੰਡਾਂ ਦਾ ਘਪਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਇੱਕ ਸ਼ਿਕਾਇਤ ਦੀ ਪੜਤਾਲ ਉਪਰੰਤ ਪੁਲਿਸ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਉਕਤ ਪਿੰਡ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਦੇ ਕਾਰਜਕਾਲ ਦੌਰਾਨ ਗ੍ਰਾਮ ਪੰਚਾਇਤ ਨੂੰ 37,55,000 ਰੁਪਏ ਦੀਆਂ ਵਿਕਾਸ ਸਬੰਧੀ ਗਰਾਂਟਾਂ ਪ੍ਰਾਪਤ ਹੋਈਆਂ ਸਨ। ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਉਕਤ ਕਥਿਤ ਦੋਸ਼ੀ ਪੰਚਾਇਤ ਸਕੱਤਰ ਨੇ ਗੁਰਦੀਪ ਸਿੰਘ, ਜੂਨੀਅਰ ਇੰਜੀਨੀਅਰ (ਜੇ.ਈ.), ਪੰਚਾਇਤੀ ਰਾਜ ਖਮਾਣੋਂ ਅਤੇ ਸਾਬਕਾ ਸਰਪੰਚ ਬਲਦੇਵ ਸਿੰਘ ਦੀ ਮਿਲੀਭੁਗਤ ਨਾਲ ਉਕਤ ਰਾਸ਼ੀ ਦਾ ਗਬਨ ਕੀਤਾ ਹੈ।
ਵਿਜੀਲੈਂਸ ਬਿਊਰੋ ਦੀ ਟੀਮ ਨੇ ਇਹ ਵੀ ਪਾਇਆ ਹੈ ਕਿ ਗੁਰਦੀਪ ਸਿੰਘ ਜੇ.ਈ. ਨੇ ਗ੍ਰਾਮ ਪੰਚਾਇਤ ਦੇ ਮਿਣਤੀ ਇੰਦਰਾਜ ਰਜਿਸਟਰ (ਐਮ.ਬੀ. ਬੁੱਕ) ਵਿੱਚ ਉਕਤ ਗ੍ਰਾਂਟਾਂ ਦੀ ਕੋਈ ਐਂਟਰੀ ਨਹੀਂ ਕੀਤੀ। ਉਪਰੋਕਤ ਗਰਾਂਟਾਂ ਵਿੱਚੋਂ, ਬਿਊਰੋ ਨੇ 19,05,000 ਰੁਪਏ ਦਾ ਮੁਲਾਂਕਣ ਕੀਤਾ ਪਰ ਇਸ ਦੇ ਵੇਰਵੇ ਐਮ.ਬੀ. ਬੁੱਕ ਵਿੱਚ ਦਰਜ ਨਹੀਂ ਕੀਤੇ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਗਰਾਂਟਾਂ ਵਿੱਚ ਘਪਲਾ ਕਰਨ ਉਪਰੰਤ ਗੁਰਦੀਪ ਸਿੰਘ ਜੇ.ਈ. ਨੇ ਇਸ ਸਬੰਧੀ ਵਰਤੋਂ ਸਰਟੀਫਿਕੇਟ ‘ਤੇ ਦਸਤਖਤ ਕਰਕੇ ਇਹਨਾਂ ਨੂੰ ਬੀ.ਡੀ.ਪੀ.ਓ. ਖਮਾਣੋਂ ਤੋਂ ਜਾਰੀ ਕਰਵਾ ਲਿਆ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਉਪਰੰਤ ਇਸ ਘਪਲੇ ਵਿੱਚ ਦੋਸ਼ੀ ਗੁਰਦੀਪ ਸਿੰਘ, ਜੇ.ਈ. ਅਤੇ ਬਲਦੇਵ ਸਿੰਘ ਸਾਬਕਾ ਸਰਪੰਚ ਤੋਂ ਇਲਾਵਾ ਇਸ ਵਿੱਚ ਸ਼ਾਮਲ ਹੋਰਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
———
