ਮਾਨਸਾ, 21 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ): ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਅਤੇ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਰੇਂਜ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ.ਐਸ.ਪੀ. ਸ੍ਰੀ ਸੰਦੀਪ ਸਿੰਘ ਸਮੇਤ ਸਟਾਫ ਵਿਜੀਲੈਂਸ ਬਿਊਰੋ ਮਾਨਸਾ ਵੱਲੋਂ ਕੋਰੋਨਾ ਵਾਇਰਸ ਦੀ ਸਮੱਸਿਆ ਦੇ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੇ ਹੈਲਪਲਾਈਨ ਨੰਬਰਾਂ ਸਬੰਧੀ ਪੈਂਫਲਿਟ ਤਿਆਰ ਕਰ ਕੇ ਸ਼ਹਿਰ ਦੀਆਂ ਜਨਤਕ ਥਾਵਾਂ ਤੇ ਲਗਾਏ ਗਏ।
ਡੀ.ਐਸ.ਪੀ. ਸ੍ਰੀ ਸੰਦੀਪ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਮਾਨਸਾ ਸ਼ਹਿਰ ਦੇ ਜਨਤਕ ਸਥਾਨਾਂ ਸਬਜੀ ਮੰਡੀ, ਦਾਣਾ ਮੰਡੀ, ਸਿਵਲ ਹਸਪਤਾਲ, ਬੈਂਕਾਂ, ਕਰਿਆਨੇ ਦੀਆਂ ਦੁਕਾਨਾਂ, ਦਵਾਈਆਂ ਦੀਆਂ ਦੁਕਾਨਾਂ, ਪੈਟਰੋਲ ਪੰਪ ਆਦਿ ਥਾਵਾਂ ਤੇ ਪੰਜਾਬ ਸਰਕਾਰ ਵੱਲੋਂ ਜਾਰੀ ਹੈਲਪਲਾਈਨ ਨੰਬਰਾਂ ਸਬੰਧੀ ਪੈਂਫਲਿਟ ਲਗਾਏ ਗਏ ਅਤੇ ਵੰਡੇ ਗਏ ਹਨ ਤਾਂ ਜੋ ਇਸ ਸੰਕਟ ਦੀ ਘੜੀ ਵਿਚ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲੋਕ ਲਾਹਾ ਲੈ ਸਕਣ।
ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੀਆਂ ਮੁਫ਼ਤ ਹੈਲਪਲਾਈਨਾਂ ਵਿਚ 112 ਨੰਬਰ ਕਾਨੂੰਨ ਅਤੇ ਵਿਵਸਥਾ, ਕਰਫਿਊ, ਪੁਲਿਸ ਨਾਲ ਸਬੰਧਤ ਕਿਸੇ ਵੀ ਮੁੱਦੇ ਬਾਰੇ ਜਾਣਕਾਰੀ ਲਈ ਜਾਂ ਆਪਣੀ ਕੋਈ ਹੋਰ ਸਮੱਸਿਆ ਦੱਸਣ ਲਈ ਫੋਨ ਕੀਤਾ ਜਾ ਸਕਦਾ ਹੈ। ਮੈਡੀਕਲ ਐਮਰਜੈਂਸੀ ਵਿਚ 104 ਨੰਬਰ ਡਾਇਲ ਕਰਕੇ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਐਂਬੂਲੈਂਸ ਲਈ 108 ਅਤੇ ਜਰੂਰੀ ਵਸਤਾਂ ਦੀ ਸਪਲਾਈ ਲਈ 1905 ਨੰਬਰ ਡਾਇਲ ਕਰਕੇ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਟੈਲੀ ਡਾਕਟਰ ਸਲਾਹ ਜਾਂ ਮਦਦ ਲੈਣ ਲਈ 1800-180-4104 ਡਾਇਲ ਕਰਕੇ ਸੇਵਾ ਲਈ ਜਾ ਸਕਦੀ ਹੈ।
I/19529/2020