*ਵਿਜੀਲੈਂਸ ਬਿਊਰੋ ਨੇ ਪੁੱਡਾ ਦੇ ਐਸ.ਓ. ਨੂੰ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ*

0
81

ਚੰਡੀਗੜ੍ਹ, 12 ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ (ਪੁੱਡਾ) ਐਸ.ਏ.ਐਸ. ਨਗਰ ਦੇ ਸੈਕਸ਼ਨ ਅਫਸਰ ਦਵਿੰਦਰ ਕੁਮਾਰ ਨੂੰ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਸੈਕਸ਼ਨ ਅਫਸਰ (ਐਸ.ਓ.) ਦਵਿੰਦਰ ਕੁਮਾਰ ਨੂੰ ਨਿਰਮਲ ਸਿੰਘ ਵਾਸੀ ਫੇਜ਼ 11, ਐਸ.ਏ.ਐਸ ਨਗਰ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਸਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਸੀ ਕਿ ਉਪਰੋਕਤ ਦੋਸ਼ੀ ਐਸ.ਓ. ਉਸਨੂੰ ਫੇਜ਼ 11 ਵਿੱਚ ਅਲਾਟ ਕੀਤਾ ਹੋਇਆ ਬੂਥ ਰੱਦ ਨਾ ਕਰਨ ਲਈ 1,00,000 ਰੁਪਏ ਦੀ ਮੰਗ ਕਰ ਰਿਹਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਪਹਿਲਾਂ ਵੀ ਉਕਤ ਮੁਲਜ਼ਮ ਨੂੰ ਰਿਸ਼ਵਤ ਵਜੋਂ 50,000 ਰੁਪਏ ਦੇ ਚੁੱਕਾ ਹੈ ਪਰ ਉਹ ਉਸ ਤੋਂ ਡਰਾ ਧਮਕਾ ਕੇ ਇੱਕ ਲੱਖ ਰੁਪਏ ਦੀ ਹੋਰ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਇੱਕ ਉਡਣ ਦਸਤੇ ਦੀ ਟੀਮ ਨੇ ਅਜੇ ਕੁਮਾਰ ਡੀ.ਐਸ.ਪੀ./ਉਡਣ ਦਸਤੇ ਦੀ ਅਗਵਾਈ ਹੇਠ ਪੁੱਡਾ ਭਵਨ ਐਸ.ਏ.ਐਸ. ਨਗਰ ਵਿਖੇ ਸ਼ਿਕਾਇਤਕਰਤਾ ਤੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਦਵਿੰਦਰ ਕੁਮਾਰ ਨੂੰ ਰੰਗੇ ਹੱਥੀਂ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਕਾਬੂ ਕਰ ਲਿਆ। ਉਨਾਂ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਦੋਸ਼ੀ ਐਸ.ਓ. ਦੇ ਖਿਲਾਫ ਐਫ.ਆਈ.ਆਰ ਨੰਬਰ, 2 ਮਿਤੀ 12/04/2022, ਤਹਿਤ  ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਫਲਾਇੰਗ ਸਕੁਐਡ ਐਸ.ਏ.ਐਸ. ਨਗਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।————

NO COMMENTS