
ਮਾਨਸਾ, 25 ਅਗਸਤ: (ਸਾਰਾ ਯਹਾਂ/ਬੀਰਬਲ ਧਾਲੀਵਾਲ):
ਭਾਰਤ ਸਰਕਾਰ ਦੇ ਪ੍ਰੋਜੈਕਟ ਵਿਗਿਆਨ ਜਯੋਤੀ ਦੇ ਤਹਿਤ ਸਾਇੰਸ ਟੈਕਨਾਲੋਜੀ ਇੰਜਨੀਅਰਿੰਗ ਅਤੇ ਗਣਿਤ ਵਿੱਚ ਹੋਣਹਾਰ ਲੜਕੀਆਂ ਨੂੰ ਉਤਸ਼ਾਹਿਤ ਕਰਨ ਲਈ ਜਵਾਹਰ ਨਵੋਦਿਆ ਵਿਦਿਆਲਿਆ, ਫਫੜੇ ਭਾਈ ਕੇ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
ਇਸ ਤਹਿਤ ਸਾਲ 2023-24 ਵਿੱਚ ਵਿਗਿਆਨ ਜਯੋਤੀ ਫੇਜ਼-4 ਵਿਦਿਆਰਥਣਾਂ ਨੂੰ ਵਿਗਿਆਨ ਦੇ ਖੇਤਰ ਵਿੱਚ ਨਵੀਂ ਉਡਾਣ ਪ੍ਰਦਾਨ ਕਰੇਗਾ, ਜਿਸ ਤਹਿਤ ਵਿਦਿਆਲਿਆ ਦੀਆਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਨੀਟ (NEET) ਅਤੇ ਜੇ.ਈ. (JE) ਦੀਆਂ ਕਿਤਾਬਾਂ ਵੰਡੀਆਂ ਗਈਆਂ।
ਇੰਚਾਰਜ ਪ੍ਰਿੰਸੀਪਲ ਮੀਨਾ ਸਿੰਘ ਨੇ ਦੱਸਿਆ ਕਿ ਵਿਦਿਆਲਿਆ ਵੱਲੋਂ ਮੈਡੀਕਲ ਅਤੇ ਇੰਜੀਨੀਅਰਿੰਗ ਦੀ ਤਿਆਰੀ ਵੱਲ ਵਿਸ਼ੇਸ਼ ਧਿਆਨ ਦੇ ਕੇ ਵਿਦਿਆਰਥਣਾਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਉੱਚ ਸਿੱਖਿਆ ਪ੍ਰਾਪਤ ਕਰਕੇ ਦੇਸ਼-ਵਿਦੇਸ਼ ਵਿਚ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰਕੇ ਵਿਦਿਆਲੇ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੇ ਹਨ। ਉਨ੍ਹਾਂ ਵਿਦਿਆਰਥਣਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਵਾਲਾ ਵਿਅਕਤੀ ਹਮੇਸ਼ਾ ਮੰਜ਼ਿਲ ’ਤੇ ਪਹੁੰਚਦਾ ਹੈ।
ਇਸ ਮੌਕੇ ਮੈਡਮ ਜੋਤੀ ਪੀ.ਜੀ.ਟੀ ਜੀਵ ਵਿਗਿਆਨ ਅਤੇ ਹੋਰ ਵਿਸ਼ਿਆਂ ਦੇ ਅਧਿਆਪਕ ਹਾਜ਼ਰ ਸਨ।
