*ਵਿਕਾਸ ਕੰਮਾਂ ਵਿਚ ਪਾਰਦਰਸ਼ਤਾ ਲਿਆਉਣ ਲਈ ਜਿੰਮੇਵਾਰੀ ਤੈਅ ਕੀਤੀ ਜਾਵੇ-ਡਿਪਟੀ ਕਮਿਸ਼ਨਰ ਮਾਨਸਾ*

0
11

ਮਾਨਸਾ, 14 ਦਸੰਬਰ  (ਸਾਰਾ ਯਹਾਂ/ ਮੁੱਖ ਸੰਪਾਦਕ ) : ਵਿਕਾਸ ਕੰਮਾਂ ਵਿਚ ਪਾਰਦਰਸ਼ਤਾ ਲਿਆਉਣ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਮੁਕੰਮਲ ਹੋਏ ਕੰਮਾਂ ਦੇ ਵਰਤੋਂ ਸਰਟੀਫਿਕੇਟ ਭੇਜਣੇ ਯਕੀਨੀ ਬਣਾਏ ਜਾਣ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਸਥਾਨਕ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਕੀਤੀ ਰੀਵਿਊ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਉਪਕਾਰ ਸਿੰਘ, ਐਸ.ਡੀ.ਐਮ. ਮਾਨਸਾ ਸ੍ਰੀ ਹਰਜਿੰਦਰ ਸਿੰਘ ਜੱਸਲ ਅਤੇ ਐਸ.ਡੀ.ਐਮ. ਸਰਦੂਲਗੜ੍ਹ ਪੂਨਮ ਸਿੰਘ ਮੌਜੂਦ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਵੱਖ ਵੱਖ ਵਿਭਾਗਾਂ ਅਧੀਨ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮਾਂ ਰਹਿੰਦਿਆਂ ਮੁਕੰਮਲ ਕੀਤਾ ਜਾਵੇ ਅਤੇ ਜੋ ਵਿਕਾਸ ਕਾਰਜ ਕਿਸੇ ਕਾਰਨ ਰੁਕੇ ਹੋਏ ਹਨ ਉਨ੍ਹਾਂ ਸਬੰਧੀ ਜਾਣੂ ਕਰਵਾਇਆ ਜਾਵੇ।
ਉਨ੍ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਮਗਨਰੇਗਾ ਅਧੀਨ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਬਣ ਰਹੇ ਘਰਾਂ ਦਾ ਕੰਮ ਮੁਕੰਮਲ ਕਰਵਾਇਆ ਜਾਵੇ। ਉਨ੍ਹਾਂ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਪਾਸੋਂ ਸਮਾਰਟ ਰਾਸ਼ਨ ਕਾਰਡਧਾਰਕਾਂ ਲਈ ਰਾਸ਼ਨ ਦੀ ਐਲੋਕੇਸ਼ਨ ਅਤੇ ਵੰਡ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਾਰਜਸਾਧਕ ਅਫ਼ਸਰਾਂ ਪਾਸੋਂ ਨਜਾਇਜ਼ ਕਬਜ਼ਿਆਂ ਅਤੇ ਸੌਲਿਡ ਵੇਸਟ ਮੈਨੇਜ਼ਮੈਂਟ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਹਦਾਇਤ ਕੀਤੀ ਕਿ ਨਾਜਇਜ਼ ਕਬਜ਼ਿਆਂ ਦੀ ਪੈਰਵਾਈ ਕੀਤੀ ਜਾਵੇ। ਉਨ੍ਹਾਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਪਾਸੋਂ ਪੈਨਸ਼ਨ ਕੇਸਾਂ ਸਬੰਧੀ ਪ੍ਰਾਪਤ ਦਰਖ਼ਾਸਤਾਂ ਅਤੇ ਲਾਗੂ ਪੈਨਸ਼ਨਾਂ ਬਾਰੇ ਜਾਣਕਾਰੀ ਲਈ।
ਡਿਪਟੀ ਕਮਿਸ਼ਨਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਤੇ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸੇਫ ਸਕੂਲ ਵਾਹਨ ਪਾਲਿਸੀ ਨੂੰ 100 ਫ਼ੀਸਦੀ ਲਾਗੂ ਕਰਵਾਇਆ ਜਾਵੇ। ਜਿੰਨ੍ਹਾਂ ਸਕੂਲਾਂ ਦੇ ਵਾਹਨ ਪਾਲਿਸੀ ਦੀ ਉਲੰਘਣਾਂ ਕਰਦੇ ਹਨ, ਉਨ੍ਹਾਂ ਦੀ ਰਿਪੋਰਟ ਕੀਤੀ ਜਾਵੇ। ਉਨ੍ਹਾਂ ਨਾਲ ਹੀ ਕਿਹਾ ਕਿ ਅਜਿਹੇ ਸਕੂਲਾਂ ਦੀ ਪਹਿਚਾਣ ਕੀਤੀ ਜਾਵੇ, ਜੋ 100 ਫ਼ੀਸਦੀ ਸੇਫ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਕਰਦੇ ਹਨ ਤਾਂ ਜੋ ਅਜਿਹੇ ਸਕੂਲਾਂ ਨੂੰ ਗਣਤੰਤਰਤਾ ਦਿਵਸ ਮੌਕੇ ਸਨਮਾਨਿਤ ਕੀਤਾ ਜਾ ਸਕੇ।
ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਪਾਸੋਂ ਕੋਵਿਡ-19 ਵੈਕਸੀਨੇਸ਼ਨ ਅਤੇ ਨਵਜੰਮੇ ਬੱਚਿਆਂ ਨੂੰ ਸਮੇਂ ਸਮੇਂ ’ਤੇ ਲੱਗਣ ਵਾਲੀ ਵੈਕਸੀਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਰਕਾਰੀ ਦੇ ਨਾਲ ਨਾਲ ਪ੍ਰਾਈਵੇਟ ਹਸਪਤਾਲਾਂ ਵਿਚ ਹੋਣ ਵਾਲੀਆਂ ਡਲਿਵਰੀਆਂ ਦਾ ਮੁਕੰਮਲ ਡਾਟਾ ਮੇਨਟੇਨ ਕੀਤਾ ਜਾਵੇ। ਮਿਡ ਡੇਅ ਮੀਲ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਡ ਡੇਅ ਮੀਲ ਵਿਚ ਖਾਣੇ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਚੈਕਿੰਗ ਕਰਨ ਅਤੇ ਬੱਚਿਆਂ ਪਾਸੋਂ ਮਿਡ ਡੇਅ ਮੀਲ ਖਾਣੇ ਸਬੰਧੀ ਸਮੇਂ ਸਮੇਂ ’ਤੇ ਸੁਝਾਅ ਮੰਗਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕੁੱਕ ਨੂੰ ਮਿਲਣ ਵਾਲਾ ਮਾਣਭੱਤਾ ਸਮੇਂ ਸਿਰ ਮਿਲੇ ਇਹ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਰੋਜ਼ਗਾਰ ਬਿਊਰੋ ਵਿਖੇ ਲਗਾਏ ਜਾਂਦੇ ਪਲੇਸਮੈਂਟ ਕੈਂਪਾਂ ਅਤੇ ਪ੍ਰਾਰਥੀਆਂ ਦੀ ਸ਼ਮੂਹਲੀਅਤ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਪਾਸੋਂ ਬੀਜ ਅਤੇ ਖਾਦ ਦੀ ਸਪਲਾਈ ਬਾਰੇ ਜਾਣਕਾਰੀ ਹਾਸਲ ਕੀਤੀ। ਉੁਨ੍ਹਾਂ ਕਿਹਾ ਕਿ ਫਸਲਾਂ ਲਈ ਵਰਤੀ ਜਾਂਦੀ ਖਾਦ ਦੀ ਸੈਂਪਲਿੰਗ ਕੀਤੀ ਜਾਣੀ ਯਕੀਨੀ ਬਣਾਈ ਜਾਵੇ।    

LEAVE A REPLY

Please enter your comment!
Please enter your name here