
ਮਾਨਸਾ, 02 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਖਾਦ ਵਿਕਰੇਤਾ ਖਾਦਾਂ ਦੀ ਜਮ੍ਹਾਖੋਰੀ ਨਾ ਕਰਨ ਅਤੇ ਜੇਕਰ ਕਿਸਾਨਾਂ ਨੂੰ ਡਾਈ ਅਮੋਨੀਅਮ ਫਾਸਫੇਟ (ਡੀ.ਏ.ਪੀ.) ਜਾਂ ਹੋਰ ਖਾਦਾਂ ਸਬੰਧੀ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਆ ਰਹੀ ਹੈ ਤਾਂ ਉਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹੈਲਪ-ਲਾਈਨ ਨੰਬਰ ’ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਡੀ.ਏ.ਪੀ. ਜਾਂ ਹੋਰ ਖਾਦਾਂ ਨਾਲ ਗੈਰ-ਜ਼ਰੂਰੀ ਕੈਮੀਕਲਾਂ ਦੀ ਗੈਰ-ਕਾਨੂੰਨੀ ਟੈਗਿੰਗ ’ਚ ਸ਼ਾਮਿਲ ਕਿਸੇ ਵੀ ਕੀਟਨਾਸ਼ਕ ਦਵਾਈਆਂ ਦੇ ਵਿਕਰੇਤਾ ਖਿਲਾਫ਼ ਸ਼ਿਕਾਇਤ ਦਰਜ ਕਰਵਾਉਣ ਲਈ ਹੈਲਪਲਾਈਨ ਨੰਬਰ 1100 ’ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਇਨ੍ਹਾਂ ਨੰਬਰਾਂ ’ਤੇ ਖਾਦ ਦੀ ਅਸਲ ਕੀਮਤ ਤੋਂ ਵੱਧ ਵਸੂਲਣ, ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਆਦਿ ਦੀ ਰਿਪੋਰਟ ਦਰਜ ਕਰਵਾ ਸਕਦੇ ਹਨ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਡੀ.ਏ.ਪੀ. ਖਾਦ ਦੇ ਨਾਲ-ਨਾਲ ਹੋਰ ਬਦਲ ਵੀ ਵਰਤਣ। ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਕੋਲ ਟੀ.ਐਸ.ਪੀ. 0:46:0, ਐਨ.ਪੀ.ਕੇ. 12:32:16 ਅਤੇ 16:16:16 ਡੀਏਪੀ ਦੇ ਮਨਜੂਰਸ਼ੁਦਾ ਬਦਲ ਵਜੋਂ ਮੌਜੂਦ ਹਨ ਅਤੇ ਕਿਸਾਨ ਭਰਾਵਾਂ ਨੂੰ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
