
ਜੋਗਾ, 22 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਖੇਡਾਂ ਵਤਨ ਪੰਜਾਬ ਦੀਆਂ ਸੀਜਨ–3 ਤਹਿਤ ਹੋਈਆਂ ਜਿਲ੍ਹਾ ਪੱਧਰੀ ਖੇਡਾਂ ਦੇ ਵਾਲੀਬਾਲ ਮੁਕਾਬਲਿਆਂ ਵਿੱਚ ਪਿੰਡ ਬੁਰਜਹਰੀ ਦੇ ਖਿਡਾਰੀਆਂ ਨੇ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਆਪਣੀ ਸਰਦਾਰੀ ਕਾਇਮ ਰੱਖਦਿਆਂ ਮੁੰਡੇ ਅਤੇ ਕੁੜੀਆਂ ਦੇ ਵੱਖ–ਵੱਖ 7 ਉਮਰ ਵਰਗਾਂ ਵਿੱਚ ਤਗਮੇ ਜਿੱਤ ਕੇ ਆਪਣੀ ਖੇਡ ਦਾ ਲੋਹਾ ਮੰਨਵਾਇਆ ਹੈ। ਵਾਲੀਬਾਲ ਖਿਡਾਰੀ ਡੀਪੀਈ ਗੁਰਦੀਪ ਸਿੰਘ ਬੁਰਜਹਰੀ ਨੇ ਦੱਸਿਆ ਕਿ ਅੰਡਰ 17 ਸਾਲ (ਕੁੜੀਆਂ) ਦੀ ਟੀਮ ਨੇ ਸੋਨ ਤਗਮਾ, ਅੰਡਰ 21 ਸਾਲ (ਮੁੰਡੇ) ਸੋਨ ਤਗਮਾ, 21 ਤੋਂ 30 ਸਾਲ (ਮੁੰਡੇ) ਸੋਨ ਤਗਮਾ, 31 ਤੋਂ 40 ਸਾਲ (ਮੁੰਡੇ) ਸੋਨ ਤਗਮਾ, ਅੰਡਰ 17 ਸਾਲ (ਮੁੰਡੇ) ਚਾਂਦੀ ਦਾ ਤਗਮਾ, 41 ਤੋਂ 50 ਸਾਲ (ਮੁੰਡੇ) ਚਾਂਦੀ ਦਾ ਤਗਮਾ ਅਤੇ ਅੰਡਰ 21 ਸਾਲ (ਕੁੜੀਆਂ) ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ।
ਟੀਟੂ ਯਾਦਗਾਰੀ ਸਪੋਰਟਸ ਕਲੱਬ ਪਿੰਡ ਬੁਰਜਹਰੀ ਦੇ ਪ੍ਰਧਾਨ ਹਰਦੀਪ ਸਿੰਘ ਨੇ ਦੱਸਿਆ ਕਿ ਸਮੂਹ ਕਲੱਬ ਮੈਂਬਰਾਂ ਵੱਲੋਂ ਪਿੰਡ ਦੇ ਖਿਡਾਰੀਆਂ ਦੀ ਹਰ ਪੱਖੋਂ ਸਹਾਇਤਾ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਕਲੱਬ ਵੱਲੋਂ ਖਿਡਾਰੀਆਂ ਲਈ ਖੇਡ ਦਾ ਸਮਾਨ ਜਿਵੇਂ ਵਾਲੀਬਾਲਾਂ, ਸਪੋਰਟਸ ਕਿੱਟ ਅਤੇ ਰਿਫਰੈਸ਼ਮੈਂਟ ਵੀ ਲਗਾਤਾਰ ਦਿੱਤੀ ਜਾ ਰਹੀ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਖਿਡਾਰੀਆਂ ਨੂੰ ਸਵੇਰੇ–ਸ਼ਾਮ ਵਾਲੀਬਾਲ ਦੀ ਟਰੇਨਿੰਗ ਦੇਣ ਲਈ ਡੀਪੀਈ ਗੁਰਦੀਪ ਸਿੰਘ, ਵਾਲੀਬਾਲ ਕੋਚ ਸੁਖਦੇਵ ਸਿੰਘ ਅਤੇ ਵਾਲੀਬਾਲ ਖਿਡਾਰੀ ਹਰਜਿੰਦਰ ਸਿੰਘ ਲਗਾਤਾਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਕਲੱਬ ਮੈਂਬਰ ਬਲਕਰਨ ਸਿੰਘ, ਰੇਸ਼ਮ ਸਿੰਘ, ਸੁਖਪਾਲ ਸਿੰਘ, ਬਲਦੀਪ ਸਿੰਘ, ਜਰਨੈਲ ਸਿੰਘ, ਗੁਰਤੇਜ ਸਿੰਘ, ਸੁਰਿੰਦਰਜੀਤ ਸਿੰਘ ਅਤੇ ਸਵਰਨਜੀਤ ਸਿੰਘ ਨੇ ਉਮੀਦ ਕੀਤੀ ਕਿ ਪਿੰਡ ਦੇ ਖਿਡਾਰੀ ਰਾਜ ਪੱਧਰੀ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਿੰਡ ਦਾ ਨਾਮ ਰੌਸ਼ਨ ਕਰਨਗੇ।
