
ਫਗਵਾੜਾ 23 ਦਸੰਬਰ (ਸਾਰਾ ਯਹਾਂ/ਸ਼ਿਵ ਕੌੜਾ) ਆਮ ਆਦਮੀ ਪਾਰਟੀ ਨੂੰ ਫਗਵਾੜਾ ਕਾਰਪੋਰੇਸ਼ਨ ‘ਚ ਉਸ ਸਮੇਂ ਮਜਬੂਤੀ ਮਿਲੀ ਜਦੋਂ ਵਾਰਡ ਨੰਬਰ 10 ਤੋਂ ਆਜਾਦ ਉੱਮੀਦਵਾਰ ਵਜੋਂ ਚੋਣ ਜਿੱਤਣ ਵਾਲੇ ਨੌਜਵਾਨ ਕੌਂਸਲਰ ਹਰਪ੍ਰੀਤ ਸਿੰਘ ਭੋਗਲ ਨੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੀ ਹਾਜਰੀ ‘ਚ ਅੱਜ ਆਪ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਹਨਾਂ ਦੇ ਸਾਥੀ ਅਵਤਾਰ ਸਿੰਘ ਪਰਮਾਰ ਨੂੰ ਵੀ ਆਪ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਹੈ। ਕੌਂਸਲਰ ਭੋਗਲ ਨੂੰ ਪਾਰਟੀ ਵਿਚ ਸ਼ਾਮਲ ਕਰਨ ਸਮੇਂ ਮੈਂਬਰ ਪਾਰਲੀਮੈਂਟ ਅਤੇ ਆਪ ਪਾਰਟੀ ਦੇ ਸੀਨੀਅਰ ਸਪੋਕਸ ਪਰਸਨ ਮਲਵਿੰਦਰ ਸਿੰਘ ਕੰਗ ਅਤੇ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਵਿਸ਼ੇਸ਼ ਤੌਰ ਤੇ ਫਗਵਾੜਾ ਪੁੱਜੇ। ਉਹਨਾਂ ਨਵ-ਨਿਯੁਕਤ ਕੌਂਸਲਰ ਹਰਪ੍ਰੀਤ ਸਿੰਘ ਭੋਗਲ ਨੂੰ ਪਾਰਟੀ ਵਿਚ ਸ਼ਾਮਲ ਕਰਦਿਆਂ ਭਰੋਸਾ ਦਿੱਤਾ ਕਿ ਵਾਰਡ ਨੰਬਰ 10 ਦੇ ਵਿਕਾਸ ਲਈ ਉਹਨਾਂ ਵਲੋਂ ਵਾਰਡ ਵਾਸੀਆਂ ਨਾਲ ਕੀਤਾ ਹਰੇਕ ਵਾਅਦਾ ਪੂਰਾ ਕੀਤਾ ਜਾਵੇਗਾ। ਕੌਂਸਲਰ ਭੋਗਲ ਨੇ ਕਿਹਾ ਕਿ ਬੇਸ਼ਕ ਉਹਨਾਂ ਨੇ ਆਜਾਦ ਉੱਮੀਦਵਾਰ ਵਜੋਂ ਚੋਣ ਲੜੀ ਪਰ ਵਾਰਡ ਦੇ ਲੋੜੀਂਦੇ ਵਿਕਾਸ ਲਈ ਸੂਬੇ ਦੀ ਸੱਤਾ ਧਿਰ ਦਾ ਸਹਿਯੋਗ ਜਰੂਰੀ ਹੈ ਅਤੇ ਉਹ ਵੈਸੇ ਵੀ ਆਪ ਪਾਰਟੀ ਦੀਆਂ ਨੀਤੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਦੀਆਂ ਕਾਰਗੁਜਾਰੀਆਂ ਤੋਂ ਬੇਹੱਦ ਪ੍ਰਭਾਵਿਤ ਰਹੇ ਹਨ। ਇਸੇ ਲਈ ਅੱਜ ਆਪ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਜਿਕਰਯੋਗ ਹੈ ਕਿ ਵਾਰਡ ਨੰਬਰ 10 ਵਿਚ ਹਰਪ੍ਰੀਤ ਸਿੰਘ ਭੋਗਲ ਦਾ ਮੁੱਖ ਮੁਕਾਬਲਾ ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਰਾਈਟ ਹੈਂਡ ਮੰਨੇ ਜਾਂਦੇ ਵਿਨੋਦ ਵਰਮਾਨੀ ਦੇ ਨਾਲ ਸੀ। ਹਰਪ੍ਰੀਤ ਭੋਗਲ ਜੋ ਕਿ ਸਿਆਸਤ ਵਿਚ ਬਿਲਕੁਲ ਨਵੇਂ ਹਨ ਉਹਨਾਂ ਨੇ ਇਸ ਕਾਰਪੋਰੇਸ਼ਨ ਚੋਣ ਵਿਚ ਵਿਨੋਦ ਵਰਮਾਨੀ ਨੂੰ ਮਿਲੀਆਂ 246 ਵੋਟਾਂ ਦੇ ਮੁਕਾਬਲੇ 306 ਵੋਟਾਂ ਹਾਸਲ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਹਾਲਾਂਕਿ ਇਸ ਵਾਰਡ ਵਿਚ ਆਪ ਪਾਰਟੀ ਦਾ ਆਪਣਾ ਉੱਮੀਦਵਾਰ ਵੀ ਚੋਣ ਮੈਦਾਨ ਵਿਚ ਸੀ, ਜਿਸ ਨੂੰ ਸਿਰਫ 62 ਵੋਟਾਂ ਹਾਸਲ ਹੋਈਆਂ ਤੇ ਉਹ ਚੋਥੇ ਨੰਬਰ ਤੇ ਰਹੇ ਸਨ। ਇਸ ਮੌਕੇ ਹਰਨੂਰ ਸਿੰਘ ਮਾਨ ਸਪੋਕਸ ਪਰਸਨ ਪੰਜਾਬ, ਸੀਨੀਅਰ ਆਪ ਆਗੂ ਦਲਜੀਤ ਸਿੰਘ ਰਾਜੂ ਤੇ ਜਸਪਾਲ ਸਿੰਘ ਆਦਿ ਵੀ ਹਾਜਰ ਸਨ
