ਬੁਢਲਾਡਾ 30 ਨਵੰਬਰ (ਸਾਰਾ ਯਹਾਂ/ਮਹਿਤਾ ਅਮਨ) ਇਕ ਪਾਸੇ ਸਰਕਾਰ ਵਾਤਾਵਰਣ ਨੂੰ ਸੁਖਾਵਾਂ ਬਣਾਉਣ ਲਈ ਜਾਗਰੂਕ ਹਫਤੇ ਮਨਾਉਂਦੀ ਹੈ ਤੇ ਦੂਜੇ ਪਾਸੇ ਵੱਡੇ ਵੱਡੇ ਹਾਰਨ ਅਤੇ ਵਹੀਕਲਾਂ ਤੇ ਲੱਗੇ ਸਪੀਕਰਾਂ ਤੋਂ ਕਾਫੀ ਲੋਕ ਪ੍ਰੇਸ਼ਾਨ ਹਨ। ਕਈ ਵਾਰ ਤਾਂ ਐਨੀ ਉੱਚੀ ਆਵਾਜ਼ ਵਿਚ ਹਾਰਨ ਵੱਜਦੇ ਹਨ ਕਿ ਸੜਕ ਤੇ ਚੱਲਣ ਵਾਲੇ ਬਜ਼ੁਰਗ ਅਤੇ ਬੱਚੇ ਐਨੇ ਡਰ ਜਾਂਦੇ ਹਨ ਕਿ ਕੁਝ ਸਮੇਂ ਲਈ ਆਪਣੇ ਹੋਸ਼ ਹੀ ਖੋਹ ਬੈਠਦੇ ਹਨ ਅਤੇ ਕਈ ਵਾਰ ਤਾਂ ਥੋੜ੍ਹੇ ਜਿਹੇ ਟ੍ਰੈਫਿਕ ਚ ਰੁਕਾਵਟ ਕਾਰਨ ਬੱਸਾਂ ਅਤੇ ਟਰੱਕਾਂ ਵਾਲੇ ਹਾਰਨ ਤੋਂ ਹੱਥ ਹੀ ਨਹੀਂ ਚੁੱਕਦੇ ਅਤੇ ਵੱਖ ਵੱਖ ਹਾਰਨਾਂ ਦੀਆਂ ਆਵਾਜ਼ਾਂ ਨਾਲ ਵਾਤਾਵਰਣ ਇਕ ਦਮ ਭਿਆਨਕ ਕਿਸਮ ਦਾ ਬਣਾ ਦਿੰਦੇ ਹਨ। ਟਰੈਕਟਰਾਂ ਤੇ ਲੱਗੇ ਵੱਡੇ ਵੱਡੇ ਸਪੀਕਰ, ਕਾਰਾਂ, ਜੀਪਾਂ ਅਤੇ ਮੋਟਰਸਾਈਕਲਾਂ ਤੇ ਲੱਗੇ ਹੂਟਰ ਅਤੇ ਬੇਢਵੀਆਂ ਆਵਾਜ਼ਾਂ ਕੱਢਦੇ ਕੁਝ ਮਨਚਲੇ ਨੌਜਵਾਨ ਲੜਕੀਆਂ ਦੇ ਕੋਲ ਆ ਕੇ ਇਕਦਮ ਹਾਰਨ ਵਜਾ ਵਜਾ ਕੇ ਪੜ੍ਹਣ ਜਾਂਦੀਆਂ ਲੜਕੀਆਂ ਨੂੰ ਬੇਹੱਦ ਪ੍ਰੇਸ਼ਾਨ ਕਰਦੇ ਹਨ। ਖਾਸ ਕਰ ਰੇਲਵੇ ਰੋਡ, ਚੌੜੀ ਗਲੀ, ਗੁਰੂ ਨਾਨਕ ਕਾਲਜ ਚੌਂਕ, ਬੱਸ ਸਟੈਂਡ ਰੋਡ ਚ ਇਹ ਆਮ ਵੇਖਣ ਨੂੰ ਮਿਲਦਾ ਹੈ। ਲੋਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਅਜਿਹੇ ਲੋਕਾਂ ਨੂੰ ਨੱਥ ਪਾਉਣ ਦੀ ਮੰਗ ਕੀਤੀ ਹੈ।