ਮਾਨਸਾ (ਸਾਰਾ ਯਹਾਂ/ਬੀਰਬਲ ਧਾਲੀਵਾਲ) ਮਾਨਸਾ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਸ਼ਹਿਰ ਦੇ ਵਿਕਾਸ ਲਈ ਸਮਾਜਸੇਵੀਆਂ ਵਲੋਂ ਬਣਾਈ ਸੰਸਥਾ ਵਾਇਸ ਆਫ ਮਾਨਸਾ ਨੇ ਸ਼ਹਿਰ ਦੇ ਵਿਚਕਾਰ ਪੈਂਦੀ ਰੇਲਵੇ ਦੀ ਪਲੇਟੀ ਨੂੰ ਸ਼ਹਿਰ ਤੋਂ ਬਾਹਰ ਬਣਵਾਉਣ ਲਈ ਲੋਕ ਲਾਮਬੰਦੀ ਕਰਨ ਦੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਰੇਲਵੇ ਮੰਤਰੀ ਤੋਂ ਲੈ ਕੇ ਸਰਕਾਰ ਦੇ ਹਰ ਮਹਿਕਮੇ ਤੱਕ ਪਹੁੰਚ ਕੀਤੀ ਜਾਵੇਗੀ। ਸੰਸਥਾ ਦੀ ਸਲਾਨਾ ਮੀਟਿੰਗ ਪ੍ਧਾਨ ਡਾ ਜਨਕ ਰਾਜ ਸਿੰਗਲਾ ਦੀ ਅਗਵਾਈ ਵਿੱਚ ਮਾਨਸਾ ਕਲੱਬ ਮਾਨਸਾ ਵਿਖੇ ਹੋਈ ਜਿਸ ਵਿੱਚ ਸਾਲ ਦਾ ਵਿੱਤੀ ਲੇਖਾ ਜੋਖਾ ਕੈਸ਼ੀਅਰ ਨਰੇਸ਼ ਬਿਰਲਾ ਨੇ ਪੇਸ਼ ਕੀਤਾ ਅਤੇ ਸਕੱਤਰ ਵਿਸ਼ਵਦੀਪ ਬਰਾੜ ਨੇ ਸਮੁੱਚੀਆਂ ਕਾਰਵਾਈਆਂ ਦੀ ਜਾਣਕਾਰੀ ਦਿੱਤੀ ਜਿਸ ਵਿੱਚ ਸਰਦੀਆਂ ਚ ਕੰਬਲ ਵੰਡਣ ਅਤੇ ਲੋੜਵੰਦਾਂ ਦੇ ਘਰ ਬਣਵਾਉਣ ਤੇ ਰਾਸ਼ਣ ਮੁਹੱਈਆ ਕਰਵਾਉਣ ਬਾਰੇ ਵਿਸਥਾਰ ਚ ਦੱਸਿਆ ਗਿਆ। ਮੀਟਿੰਗ ਚ ਕੋਆਰਡੀਨੇਟਰ ਦੀ ਭੂਮੀਕਾ ਨਿਭਾਉਦੇ ਹੋਏ ਮੀਡੀਆ ਇੰਚਾਰਜ ਡਾ ਲਖਵਿੰਦਰ ਮੂਸਾ ਨੇ ਐਨ ਓ ਸੀ, ਸੀਵਰੇਜ, ਟਰੈਫਿਕ, ਨਸ਼ੇ ਦੇ ਪਸਾਰ ਨੂੰ ਰੋਕਣ ਲਈ ਮੈਂਬਰਾਂ ਦੀ ਵਿਚਾਰ ਚਰਚਾ ਸ਼ੁਰੂ ਕਰਵਾਈ। ਸ਼ੁਰੂਆਤ ਵਿਚ ਟਰਾਸਪੋਰਟਰ ਜਤਿੰਦਰ
ਆਗਰਾ ਨੇ ਸ਼ਹਿਰ ਦੀਆਂ ਸਾਰੀਆਂ ਸਮੱਸਿਆਵਾਂ ਲਈ ਸ਼ਹਿਰ ਵਿਚ ਮੌਜੂਦ ਰੇਲਵੇ ਦੀ ਲੋਡਿੰਗ ਅਣਲੋਡਿੰਗ ਦੀ ਪਲੇਟੀ ਨੂੰ ਜ਼ਿੰਮੇਵਾਰ ਦੱਸਦਿਆਂ ਸੰਸਥਾ ਨੂੰ ਇਸ ਪਲੇਟੀ ਨੂੰ ਬਾਹਰ ਕਰਨ ਲਈ ਲੋਕ ਲਾਮਬੰਦੀ ਕਰਨ ਬਾਟੇ ਵਿਸਥਾਰ ‘ਚ ਦੱਸਿਆ ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰਦਿਆਂ ਰੋਟੀਅਰਨ ਪ੍ਰੇਮ ਅੱਗਰਵਾਲ, ਅਸ਼ੋਕ ਬਾਂਸਲ ਮਾਨਸਾ, ਹੰਸ ਰਾਜ ਮੋਫਰ, ਕੇ ਕੇ ਸਿੰਗਲਾ, ਰਾਮ ਕ੍ਰਿਸ਼ਨ ਚੁੱਘ ਨੂੰ ਆਗਰਾ ਦੀ ਅਗਵਾਈ ਵਿਚ ਕਮੇਟੀ ਬਣਾ ਕੇ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਗਿਆ। ਇਸ ਉਪਰ ਵਿਚਾਰ ਚਰਚਾ ਕਰਦਿਆਂ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਮਾਨਸਾ ਵਾਸੀਆਂ ਦੀ ਸਭ ਤੋਂ ਵੱਡੀ ਸਮੱਸਿਆ ਦੇ ਹੱਲ ਲਈ ਸਭ ਧਿਰਾਂ ਨੂੰ ਸਾਂਝੇ ਰੂਪ ਵਿਚ ਇਕੋ ਮੰਚ ਤੇ ਇਕੱਠਾ ਕਰਨ ਲਈ ਜਲਦੀ ਹੀ ਸਾਰੀਆਂ ਧਿਰਾਂ ਦੀ ਮੀਟਿੰਗ ਕਰਕੇ ਰੇਲਵੇ ਮੰਤਰੀ ਤੋਂ ਸਮਾਂ ਲੈਣ ਦਾ ਵੀ ਐਲਾਨ ਕੀਤਾ । ਸੀਨੀਅਰ ਸਿਟੀਜ਼ਨ ਜਗਸੀਰ ਸਿੰਘ ਢਿਲੋਂ, ਬਿੱਕਰ ਸਿੰਘ ਮਘਾਣੀਆ, ਸ਼ਾਮ ਲਾਲ ਗੋਇਲ ਨੇ ਐਨ ਓ ਸੀ ਲਈ ਜਿਲਾ ਪ੍ਰਸ਼ਾਸਨ ਵਲੋਂ ਬਣਾਈ ਕੋਰ ਕਮੇਟੀ ਤੋਂ ਸ਼ਹਿਰ ਦੇ ਕੋਰ ਇਲਾਕੇ ਜਲਦੀ ਨਿਰਧਾਰਿਤ ਕਰਵਾਉਣ ਦੀ ਲੋੜ ਤੇ ਜ਼ੋਰ ਦਿੱਤਾ। ਸੀਵਰੇਜ਼ ਦੀ ਸਮੱਸਿਆ ਤੇ ਬੋਲਦਿਆਂ ਮੇਜਰ ਸਿੰਘ ਐਸ ਓ, ਸਾਬਕਾ ਨਗਰ ਕੋਂਸਲ ਪ੍ਧਾਨ ਬਲਵਿੰਦਰ ਸਿੰਘ ਕਾਕਾ ਨੇ ਸ਼ਹਿਰ ਵਿੱਚ ਪਲਾਸਟਿਕ ਦੀ ਵਰਤੋਂ ਘਟਾਉਣ ਤੇ ਸੰਸਥਾ ਵਲੋਂ ਵੱਧ ਤੋਂ ਵੱਧ ਝੋਲੇ ਵੰਡਣ ਲਈ ਕਿਹਾ। ਟਰੈਫਿਕ ਦੀ ਸਮੱਸਿਆ ਤੇ ਬੋਲਦਿਆਂ ਧਰਮਵੀਰ ਵਾਲੀਆ, ਅਸ਼ੋਕ ਬਾਂਸਲ, ਸੇਠੀ ਸਿੰਘ ਸਰਾਂ, ਓਮ ਪ੍ਰਕਾਸ਼ ਜਿੰਦਲ ਅਤੇ ਸਰਬਜੀਤ ਕੌਸ਼ਲ ਨੇ ਈ ਰਿਕਸ਼ਾਚਾਲਕਾਂ ਨੂੰ ਨਿਯਮਤ ਕਰਨ ਦੀ ਮੰਗ ਕੀਤੀ। ਬਲਜੀਤ ਸਿੰਘ ਸੂਬਾ, ਬਿਕਰਮਜੀਤ ਸਿੰਘ ਟੈਕਸਲਾ, ਦਰਸ਼ਨਪਾਲ ਗਰਗ ਅਤੇ ਰਮੇਸ਼ ਜਿੰਦਲ ਨੇ ਸਰਦੀ ਦੇ ਮੌਸਮ ਚ ਧੁੰਦ ਨੂੰ ਦੇਖਦੇ ਹੋਏ ਸੰਸਥਾ ਵਲੋਂ ਰੀਫਲੈਕਟਰ ਲਗਵਾਉਣ ਦੀ ਮੰਗ ਕੀਤੀ ਜਿਸ ਨੂੰ ਮੌਕੇ ਤੇ ਹੀ ਮੰਨ ਲਿਆ ਗਿਆ। ਅਧਿਆਪਕ ਆਗੂ ਹਰਦੀਪ ਸਿੱਧੂ ਅਤੇ ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਮਾਨਸ਼ਾਹੀਆ ਅਤੇ ਸ਼ੰਭੂ ਗਰਗ ਨੇ ਸੰਸਥਾ ਵਲੋਂ ਸਰਕਾਰੀ ਸਕੂਲ਼ ਨੂੰ ਸਹੂਲਤਾਂ ਦੇਣ ਲਈ ਅਡਾਪਟ ਕਰਨ ਦੀ ਸਕੀਮ ਤੇ ਹਾਮੀ ਭਰਦਿਆਂ ਸ਼ਹਿਰ ਦੇ ਦੋ ਸਕੂਲਾਂ ਦੀ ਪਛਾਣ ਕਰਕੇ ਅਗਲੇ ਵਿਦਿਅਕ ਸੈਸ਼ਨ ਤੋਂ ਕਾਰਵਾਈ ਸ਼ੁਰੂ ਕਰਨ ਲਈ ਕਿਹਾ। ਰਾਜਿੰਦਰ ਗਰਗ , ਨਰਿੰਦਰ ਕੁਮਾਰ, ਐਡਵੋਕੇਟ ਨਵਲ ਗਰਗ, ਜੀਵਨ ਕੁਮਾਰ ਅਤੇ ਪ੍ਰਕਾਸ਼ ਜੈਨ ਵਲੋਂ 1 ਜਨਵਰੀ ਤੋਂ ਪਹਿਲਾਂ ਲੋੜਵੰਦਾਂ ਲਈ ਕੰਬਲਾਂ ਦੀ ਵੰਡ ਸ਼ੁਰੂ ਕਰਨ ਦਾ ਮਸਲਾ ਵਿਚਾਰਦਿਆਂ ਸ਼ਹਿਰ ਵਿਚ ਗਰਮ ਕੱਪੜੇ ਇਕੱਠੇ ਕਰਕੇ ਵੰਡਣ ਦੀ ਮੁਹਿੰਮ ਸ਼ੁਰੂ ਕਰਨ ਬਾਰੇ ਮੰਗ ਰੱਖੀ। ਡਾ ਸ਼ੇਰ ਜੰਗ ਸਿੰਘ ਸਿੱਧੂ ਅਤੇ ਡਾ ਲਖਵਿੰਦਰ ਮੂਸਾ ਵਲੋਂ ਸੰਸਥਾ ਦੇ ਮੈਂਬਰਾਂ ਦੀ ਪਰਿਵਾਰਿਕ ਲੋਹੜੀ ਮਿਲਣੀ ਰਾਹੀਂ ਸੰਸਥਾ ਵਿਚ ਔਰਤਾਂ ਦੀ ਭੂਮੀਕਾ ਵਧਾਉਣ ਅਤੇ ਨਾਲ ਹੀ ਮਾਨਸਾ ਇਲਾਕੇ ਵਿਚ ਸਖਸ਼ੀਅਤ ਵਿਕਾਸ ਲਈ ਮਾਹਿਰ ਬੁਲਾ ਕੇ ਵੱਖ ਵੱਖ ਸੈਮੀਨਾਰ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਦੀਪਕ ਸਿੰਗਲਾ, ਰਿਸ਼ੀ ਸ਼ਰਮਾਂ ਅਤੇ ਨਰਿੰਦਰ ਕੁਮਾਰ ਨੇ ਨਵੇਂ ਮੈਂਬਰਾਂ ਨੂੰ ਲੈਣ ਦਾ ਮਤਾ ਪਾਇਆ ਜਿਸ ਉਪਰ ਵਿਚਾਰ ਕਰਕੇ 11ਨਵੇਂ ਮੈਂਬਰ ਲੈਣ ਤੇ ਸਭ ਨੇ ਸਹਿਮਤੀ ਜਿਤਾਈ। ਅੰਤ ਵਿਚ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆ ਡਾ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਜਿੱਥੇ ਇੱਕ ਸਾਲ ਵਿਚ ਸੰਸਥਾ ਨੇ ਵੱਖ ਵੱਖ ਕੰਮ ਕਰਕੇ ਆਪਣੀ ਪਛਾਣ ਬਣਾਈ ਹੈ ਉਥੇ ਦੂਜੇ ਸਾਲ ਵਿਚ ਅਸੀਂ ਦੂਰਗਾਮੀ ਪ੍ਰਭਾਵ ਵਾਲੇ ਵਿਕਾਸਸ਼ੀਲ ਕੰਮ ਕਰਕੇ ਮਾਨਸਾ ਦੇ ਵਿਕਾਸ ਵਿਚ ਸ਼ਹਿਰੀਆਂ ਦੀ ਭੂਮੀਕਾ ਵਧਾਉਣ ਲਈ ਵੀ ਵਧੇਰੇ ਕਾਰਜਸ਼ੀਲ ਰਹਿਣ ਦਾ ਕਿਹਾ।