
ਮਾਨਸਾ 14 ਫਰਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਜਿਲ੍ਹਾ 13 ਅਪਰੈਲ 1992 ਨੂੰ ਹੌਂਦ ਵਿਚ ਆਇਆ ਸੀ ਜਿਸ ਕਰਕੇ ਜਿਲ੍ਹਾ ਬਣਨ ਦੀ 32 ਵੀਂ ਵਰੇਗੰਢ ਨੂੰ ਧੂਮ ਧਾਮ ਨਾਲ ਮਨਾਉਣ ਲਈ ਸੰਸਥਾ ਮੈਂਬਰਾਂ ਨੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਅਤੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੀ ਅਗਵਾਈ ਵਿਚ ਏ ਡੀ ਸੀ ਅਰਬਨ ਡਾ. ਨਿਰਮਲ ਆਈ ਏ ਐਸ ਨਾਲ ਵਿਸਥਾਰ ਵਿਚ ਵਿਚਾਰ ਚਰਚਾ ਕੀਤੀ ਅਤੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ। ਏ ਡੀ ਸੀ ਅਰਬਨ ਨੇ ਸੰਸਥਾ ਦੀ ਇਸ ਪਹਿਲਕਦਮੀ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਸ਼ਹਿਰ ਦੇ ਕੁਝ ਮਸਲੇ ਜੋ ਇਹਨਾਂ ਵਲੋਂ ਉਠਾਏ ਗਏ ਹਨ,ਉਹਨਾਂ ਦਾ ਜਲਦੀ ਹੱਲ ਹੋਣ ਨਾਲ 32 ਵੀ ਵਰੇਗੰਢ ਹੋਰ ਵੀ ਖੂਬਸੂਰਤ ਤਰੀਕੇ ਨਾਲ ਮਨਾਈ ਜਾ ਸਕੇਗੀ। ਉਹਨਾਂ ਕਿਹਾ ਕਿ ਸੰਸਥਾ ਵਲੋਂ ਸ਼ਹਿਰ ਵਿਚ ਕੀਤੀ ਗਈ ਪੈਖਾਨਿਆਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਸ਼ਹਿਰ ਵਿਚ 10 ਤੋ ਜਿਆਦਾ ਜਨਤਕ ਪੈਖਾਨਿਆਂ ਦੀਆਂ ਥਾਵਾਂ ਦੀ ਚੋਣ ਕਰ ਲਈ ਗਈ ਹੈ ਅਤੇ ਇਹਨਾਂ ਦੀ ਉਸਾਰੀ ਦਾ ਕੰਮ ਜਲਦੀ ਸ਼ੁਰੂ ਹੋ ਰਿਹਾ ਹੈ। ਨਾਲ ਹੀ ਉਹਨਾਂ ਕਿਹਾ ਕਿ ਕੂੜਾ ਡੰਪ ਦੀ ਜਗ੍ਹਾ ਦੀ ਸਫਾਈ ਤੇ ਸ਼ਹਿਰ ਵਿਚਲੇ ਗੰਦੇ ਪਾਣੀ ਦੀ ਨਿਕਾਸੀ ਨੂੰ ਸੁਚਾਰੂ ਬਣਾਉਣ ਲਈ ਵਾਟਰ ਟਰੀਟਮੈਂਟ ਦੇ ਵੇਸਟੇਜ਼ ਟੈਂਕ ਦੀ ਡੀ ਸਿਲਟਿੰਗ ਕਰਕੇ ਉਸਨੂੰ 4 ਫੁੱਟ ਡੂੰਘਾ ਕੀਤਾ ਜਾਵੇਗਾ। ਉਹਨਾਂ ਲੋਕਾਂ ਨੂੰ ਸ਼ਹਿਰ ਦੀ ਸੁੰਦਰਤਾ ਤੇ ਸਫਾਈ ਲਈ ਵਧੇਰੇ ਜਾਗਰੂਕ ਕਰਨ ਲਈ ਸੰਸਥਾ ਨੂੰ ਅੱਗੇ ਲੱਗ ਕੇ ਹੋਰ ਸਮਾਜਿਕ ਸੰਸਥਾਵਾਂ ਤੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਲਈ ਵੀ ਕਿਹਾ । ਇਸ ਮੌਕੇ ਜਨਤਕ ਪੈਖਾਨਿਆਂ ਦੀ ਅਣਹੋਂਦ ਜਲਦੀ ਖਤਮ ਹੋਣ ਦੀ ਆਸ ਬਾਰੇ ਬੋਲਦਿਆ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਇਸ ਨਾਲ ਸ਼ਹਿਰ ਵਿਚ ਸਫਾਈ ਅਭਿਆਨ ਨੂੰ ਵੱਡਾ ਹੁਲਾਰਾ ਮਿਲੇਗਾ ਤੇ ਸ਼ਹਿਰ ਸਫਾਈ ਦੀ ਰੈਕਿੰਗ ਵੀ ਸੁਧਾਰ ਲਏਗਾ। ਇਸ ਮੌਕੇ ਸੋਸ਼ਲਿਸਟ ਪਾਰਟੀ ਆਗੂ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਵੱਖ ਵੱਖ ਕਲੱਬਾਂ ਦੀ ਅਤੇ ਪਿੰਡਾਂ ਦੇ ਲੋਕਾਂ ਦੀ ਵੀ ਜਿਲ੍ਹਾ ਬਣਨ ਦੀ ਵਰੇਗੰਢ ਦੇ ਸਮਾਗਮਾਂ ਵਿਚ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ।ਮਾਨਸਾ ਜਿਲ੍ਹੇ ਦੀ ਵਰੇਗੰਢ ਮਨਾਉਣ ਲਈ ਉਲੀਕੇ ਪ੍ਰੋਗਰਾਮ ਦੇ ਪ੍ਰੋਜੈਕਟ ਚੇਅਰਮੈਨ ਡਾ ਲਖਵਿੰਦਰ ਮੂਸਾ ਨੇ ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਈਕੋ ਵੀਲਰਜ਼ ਸਾਇਕਲ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਇਹਨਾਂ ਪ੍ਰੋਗਰਮਾਂ ਦੀ ਲੜੀ ਤਹਿਤ ਸਾਇਕਲ ਅਤੇ ਮੋਟਰਸਾਇਕਲ ਰੈਲੀਆਂ ਰਾਹੀ ਸਵੱਛਤਾ ਤੇ ਸਫਾਈ ਪਰਚਾਰ ਕਰਨ ਦਾ ਭਰੋਸਾ ਦਿੱਤਾ। ਸੰਸਥਾ ਦੇ ਜਰਨਲ ਸਕੱਤਰ ਵਿਸ਼ਵਦੀਪ ਬਰਾੜ ਨੇ ਸ਼ਹਿਰ ਵਿਚਕਾਰੋਂ ਲੰਘਦੀ ਹੋਈ ਰੇਲਵੇ ਲਾਇਨ ਦੇ ਦੋਵੇਂ ਪਾਸੇ ਦੇ ਆਲੇ ਦੁਆਲੇ ਸਫਾਈ ਲਈ ਕਦਮ ਉਠਾਏ ਜਾਣ ਦੀ ਲੋੜ ਤੇ ਜ਼ੋਰ ਦਿੱਤਾ ਜਿਸ ਤੇ ਏ ਡੀ ਸੀ ਡਾ. ਨਿਰਮਲ ਨੇ ਰੇਲਵੇ ਅਧਿਕਾਰੀਆਂ ਨਾਲ ਜਲਦੀ ਮੀਟਿੰਗ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸੀਨੀਅਰ ਸਿਟੀਜ਼ਨ ਆਗੂ ਬਿੱਕਰ ਸਿੰਘ ਮਘਾਣੀਆਂ ਵਲੋਂ ਵੱਖ ਵੱਖ ਮੁਲਾਜਮ ਜਥੇਬੰਦੀਆਂ ਦੀ ਮੰਗ ਤਹਿਤ ਤਹਿਸੀਲ਼ ਕੰਪਲੈਕਸ ਅਤੇ ਮੁੱਖ ਸੜਕ ਤੇ ਜਨਤਕ ਪੈਖਾਨਿਆਂ ਦੀ ਮੰਗ ਰੱਖੀ ਜਿਸ ਨੂੰ ਮੌਕੇ ਤੇ ਹੀ ਅਧਿਕਾਰੀਆਂ ਵਲੋਂ ਨਵੇਂ ਪੈਖਾਨਿਆਂ ਦੀ ਸੂਚੀ ਵਿਚ ਸ਼ਾਮਿਲ ਕਰ ਲਿਆ ਗਿਆ। ਇਸ ਮੌਕੇ ਸੰਸਥਾ ਦੇ ਮੈਂਬਰ ਮੁਸਲਿਮ ਫਰੰਟ ਪੰਜਾਬ ਦੇ ਪ੍ਰਧਾਨ ਹੰਸਰਾਜ ਮੋਫਰ, ਦਰਸ਼ਨਪਾਲ ਗਰਗ ਰਿਟਾਇਰ ਸੁਪਰਡੈਂਟ, ਰਿਟਾਇਰ ਤਹਿਸੀਲਦਾਰ ਓਮ ਪ੍ਰਕਾਸ਼ ਜਿੰਦਲ, ਰਾਜ ਕੁਮਾਰ ਰਿਟਾਇਰ ਜੱਜਮੈਂਟ ਰੀਡਰ ਨੇ ਏ ਡੀ ਸੀ ਮਾਨਸਾ ਅਤੇ ਸਿਵਲ ਪ੍ਰਸ਼ਾਸਨ ਵਲੋਂ ਤੇਜ਼ੀ ਨਾਲ ਲੋਕ ਹਿੱਤ ਮਸਲਿਆਂ ਨੂੰ ਹੱਲ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦੀ ਸ਼ੰਲਾਘਾ ਕੀਤੀ ਤੇ ਨਾਲ ਹੀ ਸ਼ਹਿਰ ਦੀ ਬੇਹਤਰੀ ਲਈ ਲੋਕਾਂ ਤੋਂ ਵੀ ਵੱਧ ਤੋਂ ਵੱਧ ਸਹਿਯੋਗ ਦੀ ਆਸ਼ਾ ਕੀਤੀ।
