ਤਰਨ ਤਾਰਨ : ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਅੱਜ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਉਪਰ ਧੱਕੇਸ਼ਾਹੀ ਤੇ ਪੁਲਿਸ ਦੀ ਸੱਤਧਿਰ ਨਾਲ ਮਿਲੀਭੁਗਤ ਦੇ ਇਲਜ਼ਾਮ ਲਾਏ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਕਾਂਗਰਸ ਵੱਲੋਂ ਦੋ ਫਰਵਰੀ ਨੂੰ ਸ਼ਰੇਆਮ ਕੀਤੀ ਹੁੱਲੜਬਾਜ਼ੀ ਖਿਲਾਫ ਸ਼ਹਿਰ ਵਾਸੀਆਂ ਵਿਚ ਰੋਸ ਹੈ। ਕਾਂਗਰਸ ਦੇ ਇਸ਼ਾਰੇ ‘ਤੇ ਪੁਲਿਸ ਵੱਲੋਂ ਸਾਡੇ ਉਮੀਦਵਾਰਾਂ ਖਿਲਾਫ ਮਾਮਲੇ ਦਰਜ ਕਰਕੇ ਦਬਾਅ ਬਣਾਉਂਦਿਆਂ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਪੇਪਰ ਵਾਪਸ ਲੈ ਲੈਣ ਜਾਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਬੈਠ ਜਾਣ।
ਉਨ੍ਹਾਂ ਕਿਹਾ ਕਿ ਪੁਲੀਸ ਲੋਕਤੰਤਰ ਦਾ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਤੇ ਚੋਣ ਕਮਿਸ਼ਨ ਕੋਲੋਂ ਮੰਗ ਕਰਦੇ ਹਨ ਕਿ ਭਿੱਖੀਵਿੰਡ ਦੇ ਡੀਐਸਪੀ ਰਾਜਬੀਰ ਸਿੰਘ ਤੇ ਐਸਐਚਓ ਸਰਬਜੀਤ ਸਿੰਘ ਦਾ ਤਰੁੰਤ ਤਬਾਦਲਾ ਕਰਨ। ਅਕਾਲੀ ਆਗੂ ਨੇ ਐਸਐਸਪੀ ਧਰੁਮਨ ਐਚ ਨਿੰਬਲੇ ਤੇ ਵੀ ਦੋਸ਼ ਲਾਇਆ ਉਹ ਕਿ ਕਾਂਗਰਸ ਦੇ ਇਸ਼ਾਰੇ ਤੇ ਕੰਮ ਕਰ ਰਹੇ ਹਨ।
ਵਲਟੋਹਾ ਨੇ ਮੰਗ ਕੀਤੀ ਕਿ ਵੋਟਾਂ ਤੱਕ ਭਿੱਖੀਵਿੰਡ ਵਿੱਚ ਅਰਧ ਸੈਨਿਕ ਬਲ ਤਾਇਨਾਤ ਕੀਤੇ ਜਾਣ ਤਾਂ ਜੋ ਸ਼ਹਿਰ ਵਿੱਚ ਸ਼ਾਂਤੀ ਬਹਾਲ ਰੱਖੀ ਜਾ ਸਕੇ। ਉਨ੍ਹਾਂ ਕਿਹਾ ਕਿ 2 ਫਰਵਰੀ ਨੂੰ ਹਮਲਾ ਵੀ ਸਾਡੇ ਉਪਰ ਹੋਇਆ, ਗੋਲੀਆਂ ਵੀ ਸਾਡੇ ਉੱਪਰ ਚੱਲੀਆਂ ਤੇ ਪੁਲਿਸ ਨੇ ਮਾਮਲਾ ਵੀ ਸਾਡੇ ਉੱਪਰ ਦਰਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰਾ ਮਾਮਲਾ ਮੁੱਖ ਚੋਣ ਕਮਿਸ਼ਨ ਦੇ ਧਿਆਨ ਨੂੰ ਲਿਆ ਦਿੱਤਾ ਹੈ ਤੇ ਜਿਨ੍ਹਾਂ ਅਫਸਰਾਂ ਨੇ ਹੁੱਲੜਬਾਜ਼ੀ ਕਰਵਾਈ ਉਨ੍ਹਾਂ ਨੂੰ ਇੱਥੋਂ ਹਟਾਉਣ ਲਈ ਵੀ ਕਿਹਾ ਹੈ।