
ਮਾਨਸਾ, 18 ਸਤੰਬਰ (ਸਾਰਾ ਯਹਾ, ਬਲਜੀਤ ਸ਼ਰਮਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਦੋ ਦਿਨਾਂ ਕਿਸਾਨ ਮੇਲੇ ਦਾ ਉਦਘਾਟਨ ਆਨ ਲਾਈਨ ਕੀਤਾ। ਇਸ ਵਾਰ ਇਹ ਮੇਲਾ ਆਨ ਲਾਇਨ ਵਰਚੁਅਲ ਪਲੇਟਫਾਰਮ ‘ਤੇ ਹੋ ਰਿਹਾ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਦੇ ਕਾਨਫਰੰਸ ਰੂਮ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਦੀ ਮੌਜੂਦਗੀ ਵਿੱਚ ਜ਼ਿਲ੍ਹੇ ਦੇ ਪ੍ਰਗਤੀਸ਼ੀਲ ਕਿਸਾਨਾਂ ਨੇ ਇਸ ਉਦਘਾਟਨ ਸਮਾਰੋਹ ਨੂੰ ਆਨ ਲਾਈਨ ਵੇਖਿਆ। ਵਰਚੁਅਲ ਮੇਲੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਸੰਬੋਧਨ ਦੌਰਾਨ ਪੰਜਾਬ ਵੱਲੋਂ ਦੇਸ਼ ਨੂੰ ਅਨਾਜ ਪੈਦਾਵਾਰ ਵਿਚ ਆਤਮ ਨਿਰਭਰ ਬਣਾਉੁਣ ਲਈ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੀ ਹਰੇ ਇਨਕਲਾਬ ਵਿਚ ਭੁਮਿਕਾ ਦੀ ਸਲਾਘਾ ਕੀਤੀ। ਇਸ ਮੌਕੇ ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਾਲੇ ਕਾਨੂੰਨਾਂ ਦਾ ਪੰਜਾਬ ਦੀ ਖੇਤੀਬਾੜੀ ਤੇ ਮਾੜਾ ਅਸਰ ਪਵੇਗਾ। ਉਨਾਂ ਨੇ ਇਸ ਮੌਕੇ ਕਿਸਾਨਾਂ ਨੂੰ ਯੁਨੀਵਰਸਿਟੀ ਦੀਆਂ ਸ਼ਿਫਾਰਸਾਂ ਅਨੁਸਾਰ ਖੇਤੀ ਕਰਨ ਦੀ ਅਪੀਲ ਵੀ ਕੀਤੀ। ਲੁਧਿਆਣਾ ਤੋਂ ਇਸ ਮੇਲੇ ਵਿਚ ਆਨਲਾਈਨ ਜੁੜੇ ਪੰਜਾਬ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਦੇਸ਼ ਦੀ ਅੰਨ ਜਾਂ ਪੋਸ਼ਣ ਸੁਰੱਖਿਆ ਤਾਂਹੀ ਸੰਭਵ ਹੈ ਜੇਕਰ ਕਿਸਾਨ ਦੀ ਆਰਥਿਕ ਸੁਰੱਖਿਆ ਹੋਵੇਗੀ। ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਲਈ ਕਿਸਾਨ ਅਤੇ ਖੇਤੀ ਸੈਕਟਰ ਪ੍ਰਮੁੱਖ ਤਰਜੀਹ ਹੈ। ਇਸ ਮੌਕੇ ਲੁਧਿਆਣਾ ਤੋਂ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕਿਸਾਨਾਂ ਨੂੰ ਯੁਨੀਵਰਸਿਟੀ ਦੀਆਂ ਖੋਜਾਂ, ਪਸਾਰ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਖੇਤੀ ਦਾ ਹੰਢਣਸਾਰ ਮਾਡਲ ਅਪਨਾਉਣ ਦੀ ਲੋੜ ਤੇ ਜੋਰ ਦਿੱਤਾ। ਉਨਾਂ ਨੇ ਦੱਸਿਆ ਕਿ ਕਿਸਾਨ ਫੋਨ ਨੰਬਰ 18001805100 ਤੇ ਮਿਸ ਕਾਲ ਕਰਕੇ ਪੰਜਾਬ ਖੇਤੀਬਾੜੀ ਯੁਨੀਵਰਿਸਟੀ ਨਾਲ ਜੁੜ ਸਕਦੇ ਹਨ। ਇਸ ਮੌਕੇ ਐਸ ਡੀ ਐਮ ਡਾ. ਸ਼ਿਖਾ ਭਗਤ, ਮੁੱਖ ਖੇਤੀਬਾੜੀ ਅਫ਼ਸਰ ਮਨਜੀਤ ਸਿੰਘ, ਸੀਨੀਅਰ ਆਗੂ ਡਾ. ਮੰਜੂ ਬਾਂਸਲ ਅਤੇ ਅਗਾਂਹਵਧੂ ਕਿਸਾਨ ਇਸ ਆਨਲਾਈਨ ਮੇਲੇ ਦਾ ਹਿੱਸਾ ਬਣੇ।
