
ਮਾਨਸਾ, 10 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ) : ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਉਪਕਾਰ ਸਿੰਘ ਨੇ ਵਪਾਰਕ ਤੇ ਰਿਹਾਇਸ਼ੀ ਯੂਨਿਟਾਂ ਜਿਨ੍ਹਾਂ ਦਾ ਪ੍ਰਾਪਰਟੀ ਟੈਕਸ ਅਦਾਇਗੀ ਹਿੱਤ ਲੰਬਿਤ ਹੈ ਨੂੰ ਤੁਰੰਤ ਆਪਣਾ ਪ੍ਰਾਪਰਟੀ ਟੈਕਸ ਸਬੰਧਤ ਨਗਰ ਕੌਂਸਲ/ਨਗਰ ਪੰਚਾਇਤ ਵਿਖੇ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਲੰਘਣਾਂ ਕਰਨ ’ਤੇ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਨਸਾ ਅਧੀਨ ਆਉਂਦੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਦੀ ਹਦੂਦ ਅੰਦਰ ਆਉਂਦੇ ਕਮਰਸ਼ੀਅਲ ਅਤੇ ਰਿਹਾਇਸੀ ਯੂਨਿਟਾਂ ਵੱਲ ਬਕਾਇਆ ਰਹਿੰਦੇ ਪ੍ਰਾਪਰਟੀ ਟੈਕਸ ਸਬੰਧੀ ਚਾਲੂ ਸਾਲ 2022-23 ਸਰਕਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਨਿਸ਼ਚਿਤ ਸਮੇਂ ਭਾਵ 31 ਦਸੰਬਰ 2022 ਤੱਕ ਬਿਨ੍ਹਾ ਵਿਆਜ ਜੁਰਮਾਨੇ ਤੋਂ ਅਦਾ ਕਰ ਸਕਦੇ ਸੀ, ਇਸ ਸਬੰਧੀ ਸਬੰਧਤ ਸ਼ਹਿਰੀ ਸਥਾਨਕ ਸੰਸਥਾਵਾਂ ਵਲੋਂ ਲੋਕਾਂ ਦੀ ਸਹੂਲਤ ਲਈ ਮੁਨਾਦੀ ਅਤੇ ਅਖ਼ਬਾਰ ਰਾਹੀਂੇ ਸੂਚਿਤ ਕੀਤਾ ਗਿਆ ਸੀ ਅਤੇ ਪ੍ਰਾਪਰਟੀ ਟੈਕਸ ਹਿੱਤ ਸਬੰਧਤ ਧਿਰਾਂ ਨੂੰ ਸਮੇਂ-ਸਮੇਂ ਤੇ ਨੋਟਿਸ ਜਾਰੀ ਕੀਤੇ ਗਏ। ਇਸ ਉਪਰੰਤ ਜਿਨ੍ਹਾਂ ਵਿਅਕਤੀਆਂ ਵਲੋਂ ਪੋ੍ਰਪਰਟੀ ਟੈਕਸ ਨਹੀ ਭਰਿਆ ਗਿਆ ਉਨ੍ਹਾਂ ਦੀ ਪ੍ਰੋਪਰਟੀ ਸੀਲ ਕਰਨ ਸਬੰਧੀ ਜਿਲ੍ਹਾ ਮਾਨਸਾ ਅਧੀਨ ਆਉਂਦੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਉਨ੍ਹਾਂ ਦੱਸਿਆ ਕਿ ਸਨਮੁੱਖ ਕਾਰਜ ਸਾਧਕ ਅਫਸਰ, ਨਗਰ ਪੰਚਾਇਤ, ਭੀਖੀ ਵਲੋਂ 09 ਜਨਵਰੀ 2023 ਨੂੰ ਨਗਰ ਪੰਚਾਇਤ, ਭੀਖੀ ਦੀ ਹਦੂਦ ਅੰਦਰ 03 ਬਿਲਡਿੰਗਾਂ ਨੂੰ ਸੀਲ ਕੀਤਾ ਗਿਆ, ਜਿਸ ਦੀ ਪਾਲਣਾ ਵਿੱਚ ਸਬੰਧਤ ਧਿਰਾਂ ਵਲੋਂ ਉਕਤ ਦਿਨ ਨਗਰ ਪੰਚਾਇਤ, ਭੀਖੀ ਦੇ ਦਫਤਰ ਵਿਖੇ ਬਣਦੇ ਪ੍ਰਾਪਰਟੀ ਟੈਕਸ ਦੀ ਅਦਾਇਗੀ ਕਰ ਦਿੱਤੀ ਗਈ। ਇਸ ਤੋਂ ਇਲਾਵਾ ਹੋਰ ਸ਼ਹਿਰੀ ਸਥਾਨਕ ਸੰਸਥਾਵਾਂ ਵੱਲੋਂ ਵੀ ਪ੍ਰਾਪਰਟੀ ਟੈਕਸ ਦੀ ਉਗਰਾਹੀ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
