
ਸਰਦੂਲਗੜ੍ਹ, 24, ਜਨਵਰੀ (ਸਾਰਾ ਯਹਾ /ਬਲਜੀਤ ਪਾਲ) : ਘਰੇਲੂ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਥਾਪਿਤ ਕੀਤੇ ਵਨ ਸਟਾਪ ਸੈਂਟਰ ਵਰਦਾਨ ਸਾਬਿਤ ਹੋ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਇੰਚਾਰਜ ਵਨ ਸਟਾਪ ਸੈਂਟਰ ਸ਼੍ਰੀਮਤੀ ਗਗਨਦੀਪ ਕੌਰ ਨੇ ਦੱਸਿਆ ਕਿ ਪਿੰਡਾਂ ਵਿੱਚ ਔਰਤਾਂ ’ਤੇ ਘਰੇਲੂ ਹਿੰਸਾ ਦੇ ਵੱਖ-ਵੱਖ ਮਾਮਲਿਆਂ ਵਿੱਚ ਪ੍ਰਾਪਤ 176 ਸ਼ਿਕਾਇਤਾਂ ਦੇ ਅਧਾਰ ’ਤੇ ਪੇਂਡੂ ਖੇਤਰ ਦੀਆਂ 158 ਪੀੜਤ ਔਰਤਾਂ ਨੂੰ ਇਨਸਾਫ਼ ਦਿਵਾਇਆ ਜਾ ਚੁੱਕਾ ਹੈ।ਸਰਦੂਲਗੜ੍ਹ ਦੇ ਪਿੰਡਾਂ ਵਿੱਚ ਸਫਲਤਾਪੂਰਵਕ ਜਾਗਰੂਕਤਾ ਕੈਂਪ ਦੇ ਆਯੋਜਨ ਮਗਰੋਂ ਜਾਣਕਾਰੀ ਦਿੰਦਿਆਂ ਗਗਨਦੀਪ ਕੌਰ ਨੇ ਦੱਸਿਆ ਕਿ ਹੁਣ ਤੱਕ ਘਰੇਲੂ ਹਿੰਸਾ ਵਿੱਚ ਵਾਧੇ ਕਾਰਨ ਵਨ ਸਟਾਪ ਸੈਂਟਰ ਵਿਖੇ ਜ਼ਿਲ੍ਹਾ ਮਾਨਸਾ ਦੇ ਪੇਂਡੂ ਖੇਤਰਾਂ ਦੀਆਂ ਔਰਤਾਂ ’ਤੇ ਹਿੰਸਾ ਦੇ 176 ਕੇਸ ਪ੍ਰਾਪਤ ਹੋਏ ਹਨ ਅਤੇ ਇਨ੍ਹਾਂ ਪ੍ਰਾਪਤ ਕੇਸਾਂ ਵਿੱਚੋਂ 33 ਕੇਸ ਸਾਇਕੋ-ਸ਼ੋਸ਼ਲ ਕਾਉਂਸਲਿੰਗ, 43 ਕੇਸਾਂ ਵਿੱਚ ਮੁਫ਼ਤ ਕਾਨੂੰਨੀ ਸਹਾਇਤਾ, 4 ਕੇਸਾਂ ਵਿੱਚ ਅਸਥਾਈ ਰਿਹਾਇਸ਼ ਅਤੇ 78 ਕੇਸਾਂ ਵਿੱਚ ਪੁਲਿਸ ਮਦਦ ਮੁਹੱਈਆ ਕਰਵਾਕੇ ਕੇਸਾਂ ਨੂੰ ਸੁਲਝਾਇਆ ਗਿਆ ਹੈ। ਗਗਨਦੀਪ ਕੌਰ ਨੇ ਦੱਸਿਆ ਕਿ ਵਨ ਸਟਾਪ ਸੈਂਟਰ ਦੀਆਂ ਸਕੀਮਾਂ ਸਬੰਧੀ ਵੱਖ-ਵੱਖ ਪਿੰਡਾਂ ਦੇ ਆਂਗਣਵਾੜੀ ਸੈਂਟਰਾਂ, ਸਕੂਲਾਂ, ਕਾਲਜਾਂ, ਕਲੱਬਾਂ ਵਿੱਚ 54 ਸੈਮੀਨਾਰ ਲਗਾਏ ਗਏ ਹਨ, ਜਿਸ ਸਬੰਧੀ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ਼ਤਿਹਾਰ, ਵਿਜ਼ਟਿੰਗ ਕਾਰਡ ਅਤੇ ਜੇਬ ਕੈਲੰਡਰ ਦੀ ਵੰਡ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਨੂੰ ਘਰੇਲੂ ਹਿੰਸਾ ਤੋਂ ਛੁਟਕਾਰਾ ਦਿਵਾਉਣ ਹਿੱਤ ਉਨ੍ਹਾਂ ਦੀ ਸਹਾਇਤਾ ਲਈ ਵਨ ਸਟੋਪ ਸੈਂਟਰ ਵਿੱਚ ਇੱਕ ਸੈਂਟਰ ਹੈੱਡ, ਕਾਉਂਸਲਰ, ਦੋ ਕੇਸ ਵਰਕਰ, ਦੋ ਆਈ.ਟੀ.ਸਟਾਫ. ਅਤੇ ਦੋ ਹੈਲਪਰਾਂ ਦੀ ਵਿਵਸਥਾ ਕੀਤੀ ਗਈ ਹੈ। ਇੰਚਾਰਜ ਨੇ ਦੱਸਿਆ ਕਿ ਸੈਂਟਰ ਵਿੱਚ ਕਾਨੂੰਨੀ ਸਹਾਇਤਾ, ਪੁਲਿਸ ਸਹਾਇਤਾ, ਮੈਡੀਕਲ ਸਹਾਇਤਾ, ਕਾਊਂਸਲਰ ਸਹਾਇਤਾ, ਸ਼ੈਲਟਰ ਐਮਰਜੈਂਸੀ ਸੁਵਿਧਾ ਸੈਂਟਰ ਦੇ ਹੈਲਪ ਲਾਇਨ ਨੰਬਰ 01652-233100 ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿੱਚ ਘਰੇਲੂ ਹਿੰਸਾ, ਕੁੱਟਮਾਰ, ਦਾਜ ਦਹੇਜ, ਪਰਿਵਾਰਿਕ ਝਗੜੇ, ਘਰੋਂ ਕੱਢ ਦੇਣਾ, ਜਬਰ-ਜਨਾਹ, ਛੇੜ-ਛਾੜ, ਦੁਰਵਿਹਾਰ, ਮਾਨਸਿਕ ਪੇ੍ਰਸ਼ਾਨੀ, ਧੋਖਾਧੜੀ ਆਦਿ ਮਾਮਲਿਆਂ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਦੀ ਸਹਾਇਤਾ ਲਈ ਵਨ ਸਟਾਪ ਸੈਂਟਰ ਵੱਲੋਂ ਟੈਲੀਫੋਨ ਨੰਬਰ 01652-233100 ਅਤੇ ਵਿਭਾਗ ਵੱਲੋਂ ਜਾਰੀ ਕੀਤੇ ਗਏ ਸਾਇਕੋ ਸੋਸ਼ਲ ਕਾਉਂਸਲਿੰਗ ਲਈ ਟੋਲ ਫਰੀ ਨੰਬਰ 1800 180 4104 ਮੁਹੱਈਆ ਕਰਵਾਏ ਗਏ ਹਨ ਅਤੇ ਇਨ੍ਹਾਂ ਨੰਬਰਾਂ ’ਤੇ ਔਰਤਾਂ ’ਤੇ ਹੋ ਰਹੀ ਹਿੰਸਾ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਔਰਤ ਵੱਲੋਂ ਦਿੱਤੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਸਹਿਜ ਮਹਿਸੂਸ ਕਰਵਾਇਆ ਜਾਂਦਾ ਹੈ, ਜਿਸ ਕਾਰਨ ਵਨ ਸਟਾਪ ਸੈਂਟਰ ਪ੍ਰਤੀ ਔਰਤਾਂ ਦਾ ਭਰੋਸਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ।
