
ਮਾਨਸਾ, 07 ਜਨਵਰੀ :(ਸਾਰਾ ਯਹਾਂ/ਮੁੱਖ ਸੰਪਾਦਕ)
ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਵਧਦੀ ਠੰਡ ਕਾਰਨ ਲੋਕਾਂ ਦੀ ਸਿਹਤ ਵੀ ਕਾਫੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਆਪਣੇ ਆਪ ਨੂੰ ਸਰਦੀਆਂ ਤੋਂ ਬਚਾਉਣ ਲਈ ਆਪਣਾ ਪਹਿਨਾਵਾ ਬਦਲਣਾ ਜ਼ਰੂਰੀ ਹੈ। ਠੰਡ ਦੇ ਮੌਸਮ ਵਿੱਚ ਗਰਮ ਕੱਪੜੇ, ਸਵੈਟਰ ਅਤੇ ਜੈਕਟ ਆਦਿ ਪਾਉਣੀ ਚਾਹੀਦੀ ਹੈ, ਤਾਂ ਜੋ ਬਾਹਰ ਦਾ ਮਾਹੌਲ ਤੁਹਾਡੇ ਸਰੀਰ ਦੀ ਗਰਮੀ ਨੂੰ ਘੱਟ ਨਾ ਕਰੇ।
ਉਨ੍ਹਾਂ ਦੱਸਿਆ ਕਿ ਹੀਟਰ ਕਮਰੇ ਵਿਚਲੀ ਹਵਾ ’ਚੋਂ ਨਮੀ ਖ਼ਤਮ ਕਰ ਦਿੰਦਾ ਹੈ। ਇਸ ਲਈ ਜਦੋਂ ਕਮਰੇ ’ਚ ਹੀਟਰ ਲਗਾਉਂਦੇ ਹੋ, ਤਾਂ ਕਮਰੇ ਵਿੱਚ ਸਾਈਡ ’ਤੇ ਗਿੱਲੇ ਕੱਪੜੇ ਸੁੱਕਣੇ ਪਾ ਦੇਣੇ ਚਾਹੀਦੇ ਹਨ, ਬਾਲਟੀ ਜਾਂ ਟੱਬ ਪਾਣੀ ਦਾ ਭਰ ਕੇ ਰੱਖ ਲੈਣ ਨਾਲ ਹੀਟਰ ਕਰਕੇ ਜੋ ਨਮੀ ਹਵਾ ’ਚ ਖ਼ਤਮ ਹੁੰਦੀ ਹੈ ਪਾਣੀ ਵਾਲੇ ਟਬ ਜਾਂ ਬਾਲਟੀ ਤੋਂ ਨਮੀ ਪੂਰੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬਾਥ ਗੀਜਰ ਬਾਥ ਰੂਮ ਤੋਂ ਬਾਹਰ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਅਣਸੁਰੱਖਿਅਤ ਘਟਨਾ ਤੋਂ ਬਚਿਆ ਜਾ ਸਕੇ ।
ਵਿਜੈ ਕੁਮਾਰ ਜਿਲਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਸਰਦ ਰੁੱਤ ਦੇ ਮੌਸਮ ’ਚ ਲਗਾਤਾਰ ਘੱਟ ਰਹੇ ਤਾਪਮਾਨ ’ਚ ਸਿਹਤ ਪ੍ਰਤੀ ਲਾਪ੍ਰਵਾਹੀ ਖਤਰਨਾਕ ਸਾਬਤ ਹੋ ਸਕਦੀ ਹੈ। ਪ੍ਰਵਾਸੀ ਮਜ਼ਦੂਰ ਦੇਸੀ ਸਾਧਨ ਵਰਤਦੇ ਹਨ। ਜਿਨ੍ਹਾਂ ’ਚ ਧੂਣੀ ਬਾਲ ਕੇ, ਚੁੱਲਾ ਬਾਲ ਕੇ ਅਤੇ ਅੰਗੀਠੀ ਬਾਲ ਕੇ ਆਪਣੇ ਆਪ ਨੂੰ ਠੰਡ ਤੋਂ ਬਚਾਉਂਦੇ ਹਨ। ਇਨ੍ਹਾਂ ’ਚ ਲੱਕੜੀ ਅਤੇ ਕੋਲੇ ਦੀ ਵਰਤੋਂ ਕਰਦੇ ਹਨ। ਕਈ ਵਾਰ ਲੋਕ ਇਸ ਅੰਗੀਠੀ ਨੂੰ ਬਾਲ ਕੇ ਆਪਣੇ ਬੰਦ ਕਮਰੇ ’ਚ ਰੱਖ ਲੈਂਦੇ ਹਨ ਜੋ ਬਹੁਤ ਹੀ ਖ਼ਤਰਨਾਕ ਅਤੇ ਜਾਨਲੇਵਾ ਸਾਬਤ ਹੁੰਦਾ ਹੈ।
ਸਰਦੀ ਤੋਂ ਬਚਣ ਲਈ ਮੱਧਵਰਗੀ ਪਰਿਵਾਰ ਰਾਤ ਸਮੇਂ ਆਪਣੇ ਬੰਦ ਕਮਰੇ ’ਚ ਕੋਲੇ ਵਾਲੀ ਅੰਗੀਠੀ ਬਾਲ ਲੈਂਦੇ ਹਨ, ਜੋ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ, ਕਿਉਂਕਿ ਕੋਲੇ ਵਾਲੀ ਅੰਗੀਠੀ ’ਚੋਂ ਕਾਰਬਨ ਮੋਨੋਆਕਸਾਈਡ ਜ਼ਹਿਰੀਲੀ ਗੈਸ ਨਿਕਲਦੀ ਹੈ ਜੋ ਮਨੁੱਖੀ ਸਿਹਤ ਲਈ ਕਾਫ਼ੀ ਹਾਨੀਕਾਰਕ ਹੈ।
