*ਵਧੀਕ ਜ਼ਿਲਾ ਮੈਜਿਸਟੇ੍ਰਟ ਮਾਨਸਾ ਵੱਲੋਂ ਕੋਵਿਡ ਪਾਬੰਦੀਆਂ ਵਿੱਚ 15 ਫਰਵਰੀ ਤੱਕ ਵਾਧਾ*

0
26

 ਮਾਨਸਾ, 07 ਫਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ )  : ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਜ਼ਿਲੇ ਅੰਦਰ ਪਹਿਲਾਂ ਤੋਂ ਲਾਗੂ ਪਾਬੰਦੀਆਂ ’ਚ 15 ਫਰਵਰੀ 2022 ਤੱਕ ਦਾ ਵਾਧਾ ਕਰਦਿਆਂ ਵਧੀਕ ਜ਼ਿਲਾ ਮੈਜਿਸਟੇ੍ਰਟ ਸ਼੍ਰੀ ਅਜੇ ਅਰੋੜਾ ਨੇ ਦੱਸਿਆ ਕਿ ਅੰਦਰ (ਇੰਡੋਰ) 500 ਅਤੇ ਬਾਹਰ (ਆਊਟਡੋਰ) 1000 ਤੋਂ ਵੱਧ ਲੋਕਾਂ ਦੇ ਇੱਕਠ ਕਰਨ ’ਤੇ ਵੀ ਰੋਕ ਲਗਾਈ ਗਈ ਹੈ। ਉਨਾਂ ਕਿਹਾ ਕਿ ਇਹ ਇਕੱਠ ਉਪਲਬੱਧ ਥਾਂ ਦੀ ਸਮੱਰਥਾ ਤੋਂ 50 ਫੀਸਦੀ ਤੋਂ ਵੱਧ ਨਹੀਂ ਹੋਣਾ ਚਾਹੀਦਾ। ਪਹਿਲਾਂ ਤੋਂ ਜਾਰੀ ਹੁਕਮਾਂ ਅਨੁਸਾਰ ਜਨਤਕ ਥਾਵਾਂ ਅਤੇ ਕੰਮ ਦੀਆਂ ਥਾਵਾਂ ’ਤੇ ਮਾਸਕ ਪਾਉਣਾ ਲਾਜਮੀ ਕੀਤਾ ਗਿਆ ਹੈ। ਇਸੇ ਤਰਾਂ ਜਨਤਕ ਥਾਂਵਾਂ ਤੇ ਸਮਾਜਿਕ ਦੂਰੀ ਰੱਖਣ ਅਤੇ 6 ਫੁੱਟ ਦੀ ਦੂਰੀ ਰੱਖਣ ਲਈ ਨਿਰਦੇਸ਼ਤ ਕੀਤਾ ਗਿਆ ਹੈ। ਇਸੇ ਤਰਾਂ ਧਾਰਾ 144 ਤਹਿਤ ਜਾਰੀ ਇੰਨਾਂ ਹੁਕਮਾਂ ਅਨੁਸਾਰ ਗੈਰ ਜਰੂਰੀ ਆਵਾਜਾਈ ਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਮਿਉਂਸੀਪਲ ਖੇਤਰਾਂ ਵਿਚ ਰੋਕ ਰਹੇਗੀ। ਹਾਲਾਂਕਿ ਜਰੂਰੀ ਗਤੀਵਿਧੀਆਂ, ਸਮਾਨ ਦੀ ਢੌਆ ਢੁਆਈ, ਸਰਕਾਰੀ ਕੰਮਕਾਜ ਆਦਿ ਦੀ ਆਗਿਆ ਹੋਵੇਗੀ। ਇਸੇ ਤਰਾਂ ਬੱਸ ਤੋਂ ਉਤਰ ਕੇ ਆਪਣੇ ਘਰ ਜਾਣ ਦੀ ਆਗਿਆ ਵੀ ਹੋਵੇਗੀ।  ਉਨਾਂ ਦੱਸਿਆ ਕਿ ਯੁਨੀਵਰਸਿਟੀ, ਕਾਲਜਿਜ਼ (ਸਮੇਤ ਮੈਡੀਕਲ ਅਤੇ ਨਰਸਿੰਗ ਕਾਲਜ) ਸਕੂਲ (6ਵੀਂ ਜਮਾਤ ਤੋਂ), ਪੋਲੀਟੈਕਨੀਕਸ, ਆਈ.ਟੀ.ਆਈਜ਼, ਕੋਚਿੰਗ ਸੰਸਥਾਨ, ਲਾਈਬ੍ਰੇਰੀ ਅਤੇ ਟ੍ਰੇਨਿੰਗ ਸੰਸਥਾਨ (ਚਾਹੇ ਸਰਕਾਰੀ ਜਾਂ ਪ੍ਰਾਈਵੇਟ) ਨੂੰ ਖੋਲਣ ਦੀ ਪ੍ਰਵਾਨਗੀ ਦਿੱਤੀ ਹੈ। ਉਨਾਂ ਨਾਲ ਹੀ ਹਦਾਇਤ ਕੀਤੀ ਕਿ ਇਹ ਸੰਸਥਾਵਾਂ ਸਮਾਜਿਕ ਦੂਰੀ, ਸੈਨੀਟਾਇਜ਼ਰ ਦੀ ਵਰਤੋਂ ਅਤੇ ਕੋਵਿਡ-19 ਸਬੰਧੀ ਸਾਵਧਾਨੀਆਂ ਦੀ ਵਰਤੋਂ ਯਕੀਨੀ ਬਣਾਉਣਗੀਆਂ। ਉਨਾਂ ਸਬੰਧਤ ਸੰਸਥਾਵਾਂ ਨੂੰ ਕਿਹਾ ਕਿ ਉਹ 15 ਸਾਲ ਤੋਂ ਵੱਧ ਉਮਰ ਦੇ ਆਪਣੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਕਿ ਉਹ ਘੱਟੋ-ਘੱਟ ਪਹਿਲੀ ਡੋਜ਼ ਜ਼ਰੂਰ ਲਗਵਾਉਣ। ਉਨਾਂ ਕਿਹਾ ਕਿ ਵਿਦਿਆਰਥੀਆਂ ਲਈ ਆਨਲਾਈਨ ਪ੍ਰਣਾਲੀ ਰਾਹੀਂ ਜਮਾਤਾਂ ਲਗਾਉਣ ਦਾ ਬਦਲ ਵੀ ਹੋਵੇਗਾ।  ਪਹਿਲਾਂ ਹੋਏ ਹੁਕਮਾਂ ਮੁਤਾਬਿਕ ਸਾਰੇ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾਸ, ਜਿੰਮ, ਖੇਡ ਕੰਪਲੈਕਸ, ਮਿਊਜ਼ਿਅਮ, ਚਿੜਿਆਘਰ ਨੂੰ 75 ਫੀਸਦੀ ਸਮਰੱਥਾ ਨਾਲ ਹੀ ਖੋਲਣ ਦੀ ਆਗਿਆ ਹੋਵੇਗੀ ਬਸ਼ਰਤੇ ਸਾਰਾ ਸਟਾਫ ਪੂਰੀ ਤਰਾਂ ਵੈਕਸੀਨੇਟਡ ਹੋਵੇ। ਏ.ਸੀ. ਬੱਸਾਂ 50 ਫੀਸਦੀ ਸਮੱਰਥਾ ਨਾਲ ਹੀ ਚੱਲ ਸਕਣਗੀਆਂ। ਵੈਕਸੀਨੇਸ਼ਨ ਕਰਵਾ ਚੁੱਕੇ ਜਾਂ 72 ਘੰਟੇ ਪਹਿਲਾਂ ਦੀ ਨੈਗਟਿਵ ਆਰ.ਟੀ.ਪੀ.ਸੀ.ਆਰ. ਰਿਪੋਰਟ ਵਾਲੇ ਯਾਤਰੀਆਂ ਨੂੰ ਹੀ ਜ਼ਿਲੇ ਅੰਦਰ ਦਾਖਲ ਹੋਣ ਦੀ ਆਗਿਆ ਹੋਵੇਗੀ। ਉਨਾਂ ਕਿਹਾ ਕਿ ਜੇਕਰ ਯਾਤਰੀਆਂ ਕੋਲ ਇਹ ਦਸਤਾਵੇਜ਼ ਨਾ ਹੋਏ ਤਾਂ ਆਰ.ਏ.ਟੀ. ਟੈਸਟਿੰਗ ਲਾਜ਼ਮੀ ਹੋਵੇਗੀ। ਹਵਾਈ ਜਹਾਜ਼ ਵਿਚ ਯਾਤਰਾ ਕਰਨ ਵਾਲਿਆਂ ’ਤੇ ਵੀ ਇਹ ਗੱਲ ਲਾਗੂ ਹੋਵੇਗੀ ਇਸੇ ਤਰਾਂ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਤੋਂ ਕੋਈ ਵੀ ਸੇਵਾ ਉਸੇ ਵਿਅਕਤੀ ਨੂੰ ਮਿਲੇਗੀ ਜਿਸ ਨੇ ਮਾਸਕ ਪਾਇਆ ਹੋਵੇਗਾ। ਬਾਕੀ ਸਾਰੇ ਵਿਭਾਗ ਵੀ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣਗੇ। ਅੰਗਹੀਣ ਵਿਅਕਤੀ ਅਤੇ ਗਰਭਵਤੀ ਔਰਤਾਂ ਨੂੰ ਦਫ਼ਤਰ ਆਉਣ ਤੋਂ ਛੋਟ ਹੋਵੇਗੀ ਪ੍ਰੰਤੂ ਘਰ ਤੋਂ ਕੰਮ ਕਰ ਸਕਣਗੇ।   ਇਹ ਹੁਕਮ 15 ਫਰਵਰੀ 2022 ਤੱਕ ਲਾਗੂ ਰਹਿਣਗੇ ਅਤੇ ਹੁਕਮਾਂ ਦੀ ਉਲੰਘਣਾ ਕਰਨ ਤੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here