ਮਾਨਸਾ 06 ਨਵੰਬਰ: (ਸਾਰਾ ਯਹਾਂ/ਬੀਰਬਲ ਧਾਲੀਵਾਲ):
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਲਗਾਤਾਰ ਪਰਾਲੀ ਪ੍ਰਬੰਧਨ ਵਿੱਚ ਲੱਗੇ ਹੋਏ ਹਨ। ਇਸੇ ਲੜੀ ਤਹਿਤ ਕਲਸਟਰ ਅਫ਼ਸਰ, ਨੋਡਲ ਅਫ਼ਸਰ ਅਤੇ ਸੁਪਰਵਾਈਜ਼ਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਕਣਕ ਦੀ ਬਿਜਾਈ ਕਰਨ ਲਈ ਪ੍ਰੇਰਿਤ ਕਰ ਰਹੇ ਹਨ।
ਪਰਾਲੀ ਦੀ ਸਾਂਭ ਸੰਭਾਲ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਵਿੰਦਰ ਸਿੰਘ ਵੱਲੋਂ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਨੁਕੜ ਮੀਟਿੰਗਾਂ ਕੀਤੀਆਂ ਗਈਆਂ ਅਤੇ ਕਿਸਾਨਾਂ ਨੂੰ ਲੋੜ ਪੈਣ ’ਤੇ ਮਹਿਕਮੇ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਨ ਲਈ ਸੱਦਾ ਦਿੱਤਾ ਗਿਆ। ਇਸ ਦੌਰੇ ਦੌਰਾਨ ਜਦੋਂ ਉਹ ਪਿੰਡ ਫੱਤਾ ਮਾਲੋਕਾ ਵਿਚੋਂ ਲੰਘ ਰਹੇ ਸੀ ਤਾਂ ਉਥੇ ਇਕ ਕਿਸਾਨ ਆਪਣੇ ਖੇਤ ਦੀ ਪਰਾਲੀ ਨੂੰ ਅੱਗ ਲਗਾ ਰਿਹਾ ਸੀ, ਜਿਸ ਨੂੰ ਮੌਕੇ ’ਤੇ ਜਾ ਰੋਕਿਆ ਗਿਆ ਅਤੇ ਉਸ ਦੇ ਨਾਲ ਹੀ ਅੱਗ ਬੁਝਾਉਣ ਵਿੱਚ ਵੀ ਸਹਾਇਤਾ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਸ ਕਿਸਾਨ ਵਿਰੁੱਧ ਕਾਰਵਾਈ ਲਈ ਮੌਕੇ ਦੇ ਕਲਸਟਰ ਅਫ਼ਸਰ ਨੂੰ ਲਿਖ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਟਿੱਬੀ ਹਰੀ ਸਿੰਘ ਵਿਖੇ ਬਾਇਓਮਾਸ ਪਲਾਂਟ ਦਾ ਦੌਰਾ ਕਰਨ ਮੌਕੇ ਪਲਾਂਟ ਮਾਲਕਾਂ ਨੇ ਜਾਣੂ ਕਰਵਾਇਆ ਕਿ ਉਨ੍ਹਾਂ ਨੂੰ ਪਰਾਲੀ ਦੀਆਂ ਗੱਠਾਂ ਸਾਂਭਣ ਲਈ ਜਗ੍ਹਾ ਦੀ ਦਿੱਕਤ ਪੇਸ਼ ਆ ਰਹੀ ਹੈ। ਇਸ ਸਮੱਸਿਆ ਦਾ ਹੱਲ ਕਰਦਿਆਂ ਮੌਕੇ ’ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਨਿਯਮਾਂ ਅਨੁਸਾਰ 20 ਫ਼ੀਸਦੀ ਵਧੇਰੇ ਜਗ੍ਹਾ ਦਾ ਪ੍ਰਬੰਧ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਜਟਾਣਾ ਕਲਾਂ ਵਿਖੇ ਈਟੋਨ ਬਾਇਓਮਾਸ ਪਲਾਂਟ ਦਾ ਮੁਆਇਨਾ ਕੀਤਾ। ਬਾਇਓਮਾਸ ਪਲਾਂਟ ਮਾਲਕਾਂ ਨੂੰ ਪਰਾਲੀ ਦੀਆਂ ਗੱਠਾਂ ਵਿਚ ਨਮੀ ਦੀ ਸਮੱਸਿਆ ਆ ਰਹੀ ਸੀ, ਉਨ੍ਹਾਂ ਨੂੰ 4 ਦੀ ਬਜਾਇ 10 ਗੱਠਾਂ ਦੀ ਨਮੀ ਚੈੱਕ ਕਰਕੇ ਪਾਸ ਕਰਨ ਲਈ ਕਿਹਾ।
ਪਿੰਡ ਕਾਹਨੇਵਾਲਾ ਦੀ ਪੰਚਾਇਤ ਨਾਲ ਮੁਲਾਕਾਤ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ ਤਾਂ ਜੋ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ।
ਉਨ੍ਹਾਂ ਸਮੂਹ ਨੋਡਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਨਿਰਧਾਰਤ ਥਾਵਾਂ ਦਾ ਦੌਰਾ ਕਰਨ। ਲੋਕੇਸ਼ਨ ਵਾਇਜ਼ ਸਵੇਰੇ 9 ਵਜੇ, 11 ਵਜੇ, ਬਾਅਦ ਦੁਪਹਿਰ 1 ਵਜੇ ਅਤੇ 3 ਵਜੇ ਉਨ੍ਹਾਂ ਦੀ ਹਾਜ਼ਰੀ ਚੈੱਕ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਅਣਗਹਿਲੀ ਨਾ ਵਰਤੀ ਜਾਵੇ।